ਹਥਿਆਰਬੰਦ ਲੁਟੇਰੇ ਸੋਨੇ ਦੀ ਚੇਨ ਲੁੱਟ ਕੇ ਹੋਏ ਫ਼ਰਾਰ
ਅਜੀਤ ਡੈਸਕ
22-07-2026
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਸਾਊਥ ਸਿਟੀ ਵਿਚ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਉਪਰੰਤ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਏ। ਚੇਨ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ, ਜਦੋਂ ਮਨਨ ਅਰੋੜਾ ਨਾਮੀ ਨੌਜਵਾਨ ਆਪਣੀ ਕਾਰ ਵਿਚ ਸਾਊਥ ਸਿਟੀ ਨੇੜੇ ਜਾ ਰਿਹਾ ਸੀ ਕਿ ਉਸ ਦੇ ਉਥੇ ਦੋਸਤ ਮਿਲ ਗਏ। ਮਨਨ ਦੋਸਤਾਂ ਨਾਲ ਸੜਕ ’ਤੇ ਹੀ ਗੱਲਬਾਤ ਕਰ ਰਿਹਾ ਸੀ ਕਿ ਇਸ ਦੌਰਾਨ ਦੋ ਲੁਟੇਰੇ ਉਸ ਪਾਸ ਆਏ ਅਤੇ ਉਸ ਨਾਲ ਉਲਝ ਪਏ। ਲੁਟੇਰਿਆਂ ਨੇ ਮੰਨਣ ਦੀ ਕੁੱਟਮਾਰ ਵੀ ਕੀਤੀ। ਇਹਨਾਂ ਲੁਟੇਰਿਆਂ ਨੇ ਉਸ ਦੇ ਪਾਈ ਸੋਨੇ ਦੀ ਚੇਨ ਲੁੱਟ ਲਈ ਅਤੇ ਉੱਥੇ ਨੇੜੇ ਖੜੀ ਇਕ ਸਵਿਫਟ ਕਾਰ ਵਿਚ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ।