ਲੁਧਿਆਣਾ, 23 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜਿਓਂ ਬੀਤੀ ਦਿਨੀਂ ਕਾਰੋਬਾਰੀ ਦੀ ਫਾਰਚੂਨਰ ਕਾਰ ਦੇ ਟਾਇਰ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੁਖਜੀਤ ਸਿੰਘ ਉਰਫ਼ ਸੁੱਖ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਗਿੱਲ ਅਤੇ ਅਮਨ ਕੁਮਾਰ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਗਿੱਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਬੀਤੇ ਦਿਨ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਨੇੜਿਓਂ ਕਾਰੋਬਾਰੀ ਦੀ ਕਾਰ ਦੇ ਟਾਇਰ ਚੋਰੀ ਕਰ ਲਏ ਸਨ, ਜਿਨ੍ਹਾਂ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਸੀ। ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰਨ ਉਪਰੰਤ ਜਾਂਚ ਕੀਤੀ ਤਾਂ ਜਾਂਚ ਦੌਰਾਨ ਉਕਤ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਟਾਇਰ ਅਤੇ ਵਾਰਦਾਤ ਸਮੇਂ ਵਰਤੀ ਗਈ ਬਰੀਜਾ ਕਾਰ ਨੂੰ ਬਰਾਮਦ ਕੀਤਾ ਹੈ। ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।