ਲੁਧਿਆਣਾ, 23 ਜੁਲਾਈ (ਡਾ. ਤਰਲੋਚਨ ਸਿੰਘ)-ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ) ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਦੀ ਅਗਵਾਈ ਹੇਠ ਬੀਤੀ ਸ਼ਾਮ ਸਥਾਨਕ ਐਮ.ਬੀ.ਡੀ. ਮਾਲ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਜਿੱਤਣ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ‘ਲਾਈਫ਼ ਕੇਅਰ ਫਾਊਂਡੇਸ਼ਨ’ ਦੇ ਸਹਿਯੋਗ ਨਾਲ ਕੱਢੀ ਗਈ ਇਸ ਰੈਲੀ ਵਿਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ‘ਨਸ਼ੇ ਨੂੰ ਕਹੋ ਨਾ, ਜ਼ਿੰਦਗੀ ਨੂੰ ਕਹੋ ਹਾਂ’, ‘ਪੰਜਾਬੀਓ ਜਾਗੋ, ਨਸ਼ਾ ਤਿਆਗੋ’, ‘ਜਵਾਨੀ ਬਚਾਓ, ਪੰਜਾਬ ਬਚਾਓ’, ‘ਨਸ਼ੇ ਨੂੰ ਭਜਾਓ, ਘਰ-ਘਰ ਖ਼ੁਸ਼ੀਆਂ ਲਿਆਓ’ ਆਦਿ ਸਲੋਗਨਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਲਾਈਫ਼ ਕੇਅਰ ਫਾਊਂਡੇਸ਼ਨ ਦੇ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ, ਜਨਰਲ ਮੈਨੇਜਰ ਹਰਦੀਪ ਸਿੰਘ, ਮੈਨੇਜਰ ਦਲਜੀਤ ਸਿੰਘ, ਮੈਨੇਜਰ ਹਰਪ੍ਰੀਤ ਸਿੰਘ, ਮੈਨੇਜਰ ਮਨਦੀਪ ਸਿੰਘ, ਮੈਨੇਜਰ ਜਤਿੰਦਰ ਸਿੰਘ ਅਤੇ ਐਨ.ਜੀ.ਓ. ਵਰਕਰ ਸਤੀਸ਼ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਸ਼ੇ ਨਾ ਸਿਰਫ਼ ਵਿਅਕਤੀ ਨੂੰ ਸਗੋਂ ਸਾਰੇ ਸਮਾਜ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ। ਇਸ ਮੌਕੇ ਫਾਊਂਡੇਸ਼ਨ ਵਲੋਂ ਸਿੱਖ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਵਾਲੀ ਫ਼ਿਲਮ ‘ਦਸਤਾਰ’ ਵੀ ਦਿਖਾਈ ਗਈ, ਜਿੱਥੇ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਅਤੇ ਚੀਫ਼ ਜਸਟਿਸ ਗੁਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੂਵੀ ਵਿਚ ਇਹ ਫ਼ਿਲਮਾਇਆ ਗਿਆ ਹੈ ਕਿ ਬਾਹਰਲੇ ਮੁਲਕਾਂ ਵਿਚ ‘ਦਸਤਾਰ’ ਦੀ ਹੋਂਦ ਨੂੰ ਕਾਇਮ ਰੱਖਣ ਲਈ ਪੰਜਾਬੀਆਂ ਵਲੋਂ ਕਿਵੇਂ ਅਣਥੱਕ ਯਤਨ ਕੀਤੇ ਗਏ, ਜਿਸਦੀ ਬਦੌਲਤ ਅੱਜ ਵਿਸ਼ਵ ਭਰ ਵਿਚ ਦਸਤਾਰਧਾਰੀ ਸਿੱਖਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਇਸ ਮੌਕੇ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਦਾ ਮੋਹ ਛੱਡ ਪੰਜਾਬ ਵਿਚ ਆਪਣਾ ਭਵਿੱਖ ਬਣਾਉਣ, ਜਿਸ ਲਈ ਪੰਜਾਬ ਸਰਕਾਰ ਅਨੇਕਾਂ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਸਮਰਾਲਾ ਚੌਕ, ਵੱਡਾ ਗੁਰਦੁਆਰਾ ਢੰਡਾਰੀ ਕਲਾਂ, ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ, ਗੁਰਦੁਆਰਾ ਖੂਹੀਸਰ ਸਾਹਿਬ, ਗੁਰਦੁਆਰਾ ਆਈ.ਟੀ.ਆਈ., ਸ਼ਿਮਲਾਪੁਰੀ, ਗੁਰਦੁਆਰਾ ਭਗਤਾ ਭਾਈਕਾ, ਜ਼ਿਲ੍ਹਾ ਬਠਿੰਡਾ ਆਦਿ ਸ਼ਾਮਲ ਸਨ।