ਲੁਧਿਆਣਾ, 23 ਜੁਲਾਈ (ਭੁਪਿੰਦਰ ਸਿੰਘ ਬੈਂਸ)-ਮਿਸ਼ਨ ਕਲੀਨ ਪੰਜਾਬ ਤਹਿਤ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵੀਰਵਾਰ ਨੂੰ 100 ਫੁੱਟ ਰੋਡ, ਸ਼ੇਰਪੁਰ ਚੌਕ ਅਤੇ ਆਸ-ਪਾਸ ਦੇ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਖੁੱਲ੍ਹੇ ਵਿਚ ਕੂੜਾ ਸੁੱਟੇ ਜਾਣ ਦੇ ਉਨ੍ਹਾਂ ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਨਿਗਮ ਦੇ ਸਿਹਤ ਸ਼ਾਖਾ ਅਧਿਕਾਰੀਆਂ ਅਤੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ। ਮੇਅਰ ਨੇ ਕਿਹਾ ਕਿ ਖੁੱਲ੍ਹੇ ਵਿਚ ਕੂੜਾ ਸੁੱਟਣ ਵਾਲਿਆਂ ਦੇ ਵੱਡੇ ਚਲਾਨ ਕੀਤੇ ਜਾਣਗੇ, ਜਦਕਿ ਸਫ਼ਾਈ ਵਿਚ ਲਾਪਰਵਾਹੀ ਕਰਨ ਵਾਲੇ ਨਿਗਮ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਕੇ ਸਫ਼ਾਈ ਸਬੰਧੀ ਸੁਝਾਅ ਵੀ ਲਏ ਅਤੇ ਬੰਦ ਪਈ ਸੀਵਰੇਜ ਲਾਈਨ ਨੂੰ ਤੁਰੰਤ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ। ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਮਿਸ਼ਨ ਕਲੀਨ ਪੰਜਾਬ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਚਨਚੇਤ ਨਿਰੀਖਣ ਅੱਗੇ ਵੀ ਜਾਰੀ ਰਹਿਣਗੇ।