ਲੁਧਿਆਣਾ, 24 ਜੁਲਾਈ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ, ਲੁਧਿਆਣਾ ਵਲੋਂ ਅੱਜ ਪੰਜਾਬ ਸਰਕਾਰ ਦੀ ਫਲੈਗਸ਼ਿਪ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਵਿਆਪਕ ਐਂਟੀ ਡੇਂਗੂ ਸਰਵੇਖਣ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਸੂਬਾ ਹੈੱਡਕੁਆਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਗਈ ਇਸ ਜ਼ਿਲ੍ਹਾ ਪੱਧਰੀ ਮੁਹਿੰਮ ਦੌਰਾਨ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਬਣਾਉਣ ਅਤੇ ਪ੍ਰਭਾਵਸ਼ਾਲੀ ਵੈਕਟਰ ਕੰਟਰੋਲ ਨੂੰ ਯਕੀਨੀ ਬਣਾਉਣ ਲਈ ਪੁਲਿਸ ਥਾਣਿਆਂ ਅਤੇ ਧਾਰਮਿਕ ਸਥਾਨਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਸਮਰਪਿਤ ਐਂਟੀ ਡੇਂਗੂ ਟੀਮਾਂ ਨੇ ਜ਼ਿਲ੍ਹੇ ਦੇ 246 ਪੁਲਿਸ ਥਾਣਿਆਂ ਅਤੇ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ ਅਤੇ ਗਹਿਨ ਸਰਵੇਲੈਂਸ ਮੁਹਿੰਮ ਤਹਿਤ 328 ਇਲਾਕਿਆਂ ਨੂੰ ਕਵਰ ਕੀਤਾ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ 8,945 ਘਰਾਂ ਦੀ ਜਾਂਚ ਕੀਤੀ ਗਈ ਅਤੇ 19,812 ਪਾਣੀ ਵਾਲੇ ਕੰਟੇਨਰਾਂ ਦੀ ਪੜਤਾਲ ਕੀਤੀ ਗਈ। ਜਾਂਚ ਦੌਰਾਨ 19 ਘਰਾਂ ਅਤੇ 21 ਕੰਟੇਨਰਾਂ ਵਿਚ ਡੇਂਗੂ ਮੱਛਰ ਦੇ ਲਾਰਵੇ ਦੀ ਮੌਜੂਦਗੀ ਪਾਈ ਗਈ। ਸਾਰੇ ਪ੍ਰਭਾਵਿਤ ਸਥਾਨਾਂ ’ਤੇ ਤੁਰੰਤ ਐਂਟੀ-ਲਾਰਵਾ ਕਾਰਵਾਈ ਕੀਤੀ ਗਈ ਅਤੇ ਸਿਹਤ ਟੀਮਾਂ ਵਲੋਂ ਲੋਕਾਂ ਅਤੇ ਸਬੰਧਿਤ ਧਿਰਾਂ ਨੂੰ ਖੜ੍ਹੇ ਪਾਣੀ ਨੂੰ ਖ਼ਤਮ ਕਰਨ ਅਤੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਡਾ. ਕਟਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਕੁੱਝ ਸਮਾਂ ਕੱਢ ਕੇ ਆਪਣੇ ਘਰਾਂ, ਕੰਮਕਾਜ ਵਾਲੀਆਂ ਥਾਵਾਂ ਅਤੇ ਆਲੇ-ਦੁਆਲੇ ਕੂਲਰਾਂ, ਗਮਲਿਆਂ, ਛੱਤਾਂ ਉੱਪਰ ਰੱਖੀਆਂ ਟੈਂਕੀਆਂ, ਪੁਰਾਣੇ ਟਾਇਰਾਂ, ਫ਼ਰਿਜ ਦੀਆਂ ਟਰੇਆਂ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੇ ਭਾਂਡਿਆਂ ਦੀ ਜਾਂਚ ਜ਼ਰੂਰ ਕਰਨ, ਕਿਉਂਕਿ ਇਹ ਡੇਂਗੂ ਫੈਲਾਉਣ ਵਾਲੇ ਏਡੀਜ਼ ਮੱਛਰ ਦੇ ਪੈਦਾ ਹੋਣ ਦੇ ਮੁੱਖ ਸਥਾਨ ਹਨ। ਉਨ੍ਹਾਂ ਅਪੀਲ ਕੀਤੀ ਕਿ ਤੇਜ਼ ਬੁਖ਼ਾਰ, ਸਿਰ ਦਰਦ, ਸਰੀਰ ਦਰਦ ਜਾਂ ਚਮੜੀ ’ਤੇ ਧੱਫੜ ਵਰਗੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਅਤੇ ਸਵੈ-ਇਲਾਜ ਤੋਂ ਬਚਿਆ ਜਾਵੇ।