ਲਾਡੋਵਾਲ, 24 ਜੁਲਾਈ (ਬਲਬੀਰ ਸਿੰਘ ਰਾਣਾ)-ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਥੁੜ ਨਹੀਂ ਆਉਣ ਦੇਵੇਗੀ, ਹਰੇਕ ਪਿੰਡ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਗਰਾਂਟਾਂ ਦਿੱਤੀਆਂ ਗਈਆਂ ਤਾਂ ਜੋ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਕੇ ਨਿਵਾਜਿਆ ਜਾ ਸਕੇ। ਇਹ ਵਿਚਾਰ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਜੀਤ ਪਾਲ ਕੌਰ ਅਤੇ ਸਰਪੰਚ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ ਵਿਚ ਪਿੰਡ ਦੀ ਨਵੀਂ ਸੜਕ ਦਾ ਉਦਘਾਟਨ ਕਰਨ ਉਪਰੰਤ ਲੋਕ ਮਿਲਣੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਵਿਧਾਇਕ ਸੰਗੋਵਾਲ ਨੇ ਪਿੰਡ ਲਾਦੀਆਂ ਕਲਾਂ ਦੇ ਵਿਕਾਸ ਕਾਰਜਾਂ ਅਤੇ ਹੋਰਾਂ ਕੰਮਾਂ ਵਾਸਤੇ ਦਿੱਤੀਆਂ ਸਰਕਾਰੀ ਗਰਾਂਟਾਂ ਦਾ ਵੇਰਵਾ ਨਗਰ ਨਿਵਾਸੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਪਿੰਡ ਦੇ ਬਾਕੀ ਰਹਿੰਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਆਉਣ ਵਾਲੀ ਗਰਾਂਟ ਤੋਂ ਇਲਾਵਾ ਮੇਰੇ ਵਲੋਂ ਪੰਚਾਇਤ ਨੂੰ 10 ਲੱਖ ਦੀ ਗਰਾਂਟ ਹੋਰ ਦਿੱਤੀ ਜਾਵੇਗੀ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਪੰਜ ਗਰੰਟੀਆਂ ਦਿੱਤੀਆਂ ਸਨ, ਜਿਨ੍ਹਾਂ ਨੂੰ ਸਰਕਾਰ ਵਲੋਂ ਪਹਿਲੇ ਹੱਲੇ ਵਿਚ ਹੀ ਪੂਰਾ ਕਰਕੇ ਅਨੇਕਾਂ ਹੋਰ ਗਰੰਟੀਆਂ ਨੂੰ ਵੀ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਡਾਢੇ ਖ਼ੁਸ਼ ਹਨ, ਜੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਮਨ ਬਣਾ ਚੁੱਕੇ ਹਨ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਵਚਨਬੱਧਤਾ ਨਾਲ ਦਿਨ ਰਾਤ ਸੇਵਾ ਵਿਚ ਲੱਗੇ ਹੋਏ ਹਨ, ਕਿਉਂਕਿ ਉਹ ਦੂਜਿਆਂ ਹਲਕਿਆਂ ਨਾਲੋਂ ਹਲਕਾ ਗਿੱਲ ਨੂੰ ਮੋਹਰੀ ਹਲਕਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਹਲਕੇ ਦੀਆਂ ਪੰਚਾਇਤਾਂ ਨੂੰ ਖੁੱਲ੍ਹੇ ਦਿਲ ਨਾਲ ਸੱਦਾ ਦਿੰਦਿਆਂ ਕਿਹਾ ਕਿ ਜਿਸ ਪਿੰਡ ਨੂੰ ਹੋਰ ਗਰਾਂਟ ਦੀ ਲੋੜ ਹੈ, ਉਹ ਦੱਸ ਦੇਣ, ਉਨ੍ਹਾਂ ਨੂੰ ਗਰਾਂਟਾਂ ਦੇ ਗੱਫੇ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਪੀ.ਏ. ਜਸਵਿੰਦਰ ਸਿੰਘ ਜੱਸੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਜੀਤ ਪਾਲ ਕੌਰ, ਸਰਪੰਚ ਹਰਨੇਕ ਸਿੰਘ ਲਾਦੀਆਂ, ਮੋਹਨ ਵਿਰਕ, ਬਲਾਕ ਪ੍ਰਧਾਨ ਅਦਿਤਿਆ ਜੈਨ, ਬਲਾਕ ਸੰਮਤੀ ਮੈਂਬਰ ਉਪਮਾ ਸ਼ਰਮਾ, ਸਰਪੰਚ ਸੁਰਜੀਤ ਸਿੰਘ ਤਲਵੰਡੀ, ਸਰਪੰਚ ਬੀਰ ਚੰਦ ਕਲਿਆਣ, ਸਰਪੰਚ ਚਮਕੌਰ ਸਿੰਘ ਬਾੜੇਵਾਲ, ਅਮਰਦਾਸ ਤਲਵੰਡੀ, ਬਲਾਕ ਪ੍ਰਧਾਨ ਲੱਕੀ ਤਲਵੰਡੀ, ਜੋਰਾ ਸਿੰਘ, ਹੰਸ ਰਾਜ ਸਿੰਘ ਸਾਬਕਾ ਸਰਪੰਚ, ਪ੍ਰਧਾਨ ਬੂਟਾ ਰਾਮ ਲਾਡੋਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ, ਪਿੰਡ ਵਾਸੀ ਅਤੇ ਇਲਾਕੇ ਦੇ ਸੈਂਕੜੇ ਹੋਰ ਲੋਕ ਵੀ ਹਾਜ਼ਰ ਸਨ।