ਸਰਕਾਰੀ ਕਾਲਜ ਲੜਕੀਆਂ ਵਿਖੇ ਕਰਵਾਈ ‘ਆਗਾਜ਼-ਏ-ਸਫ਼ਰ-26’ ਫ੍ਰੈਸ਼ਰਜ਼ ਪਾਰਟੀ
ਲੁਧਿਆਣਾ, 26 ਅਗਸਤ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੇ ਬੀ. ਏ.
ਲੁਧਿਆਣਾ, 26 ਅਗਸਤ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੇ ਬੀ.ਏ. ਵਿਭਾਗ ਵਲੋਂ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਦੇ ਸਵਾਗਤ ਲਈ ‘ਆਗਾਜ਼-ਏ-ਸਫ਼ਰ’ 26’ ਫ੍ਰੈਸ਼ਰਜ਼ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਹੋਈ। ਇਹ ਸਵਾਗਤ ਸਰਿਤਾ ਮਿਨਹਾਸ ਅਤੇ ਨਿਰਮਲਜੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ, ਵਾਈਸ ਪ੍ਰਿੰਸੀਪਲ ਸਰਿਤਾ ਖੁਰਾਣਾ ਅਤੇ ਸੀਨੀਅਰ ਸਟਾਫ਼ ਕੌਂਸਲ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜੋਸ਼ੀਲੇ ਨਾਚ, ਸੁਰੀਲੇ ਗੀਤ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਰੌਣਕ ਅਤੇ ਉਤਸ਼ਾਹ ਨਾਲ ਭਰ ਦਿੱਤਾ। ਸੀਨੀਅਰ ਵਿਦਿਆਰਥਣਾਂ ਨੇ ਨਵੀਆਂ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕਰਦਿਆਂ ਖ਼ੁਸ਼ੀ, ਦੋਸਤੀ ਅਤੇ ਆਪਸੀ ਸਾਂਝ ਦਾ ਮਾਹੌਲ ਸਿਰਜਿਆ। ਸਮਾਗਮ ਦਾ ਮੁੱਖ ਆਕਰਸ਼ਣ ਮਾਡਲਿੰਗ ਰਹੀ, ਜਿਸ ਵਿਚ ਪ੍ਰਤੀਯੋਗੀਆਂ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ, ਸ਼ਖ਼ਸੀਅਤ ਅਤੇ ਮੰਚੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਨਿਕਿਤਾਸ਼ਾ ਨੂੰ ਮਿਸ ਫ੍ਰੈਸ਼ਰ, ਕਿਰਨਮੀਤ ਨੂੰ ਪਹਿਲੀ ਰਨਰ-ਅੱਪ ਅਤੇ ਤਨਵੀ ਨੂੰ ਦੂਜੀ ਰਨਰ-ਅੱਪ ਚੁਣਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ੇਸ਼ ਖ਼ਿਤਾਬ ਵੀ ਪ੍ਰਦਾਨ ਕੀਤੇ ਗਏ। ਪ੍ਰਿਯੰਕਾ ਨੂੰ ਮਿਸ ਐਮਪਾਵਰਡ, ਹਰਜਿੰਦਰ ਨੂੰ ਮਿਸ ਕ੍ਰਾਊਨਿੰਗ ਗਲੋਰੀ, ਤਾਨਿਆ ਨੂੰ ਮਿਸ ਸਪਾਰਕਲਿੰਗ ਸਮਾਈਲ, ਅਨਹਦ ਜੋਤ ਕੌਰ ਨੂੰ ਮਿਸ ਪੋਇਜ਼ ਅਤੇ ਅਨੂਰੀਤ ਨੂੰ ਮਿਸ ਕਰਿਜ਼ਮਾ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਮਾਣਯੋਗ ਜੱਜਾਂ ਵਾਣੀ, ਦੀਪ ਸ਼ਿਖਾ ਅਤੇ ਡਾ. ਰੁਪਿੰਦਰ ਵਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥਣਾਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸੁਮਨ ਲਤਾ ਨੇ ਉਨ੍ਹਾਂ ਨੂੰ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੀ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਨਵੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਕਾਲਜ ਜੀਵਨ ਲਈ ਸਫਲਤਾ, ਖ਼ੁਸ਼ਹਾਲੀ ਅਤੇ ਯਾਦਗਾਰ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ।