ਡਿਪਟੀ ਕਮਿਸ਼ਨਰ ਵਲੋਂ ਮਿਸ਼ਨ ਜੀਵਨੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਐਸ.ਐਮ.ਓਜ਼ ਨਾਲ ਪਹਿਲੀ ਹਫਤਾਵਾਰੀ ਸਮੀਖਿਆ ਮੀਟਿੰਗ
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਮਿਸ਼ਨ ਜੀਵਨੀ ਤਹਿਤ ਜ਼ਿਲ੍ਹਾ ਲੁਧਿਆਣਾ ਵਿਚ ਉਚ-ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਪ੍ਰਭਾਵਸ਼ਾਲੀ ਪਛਾਣ, ਲਗਾਤਾਰ ਟਰੈਕਿੰਗ ਅਤੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਚਾਰ-ਮਹੀਨੇ ਦੀ ਵਿਸ਼ੇਸ਼ ਤੀਬਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ।
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਮਿਸ਼ਨ ਜੀਵਨੀ ਤਹਿਤ ਜ਼ਿਲ੍ਹਾ ਲੁਧਿਆਣਾ ਵਿਚ ਉਚ-ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਪ੍ਰਭਾਵਸ਼ਾਲੀ ਪਛਾਣ, ਲਗਾਤਾਰ ਟਰੈਕਿੰਗ ਅਤੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਚਾਰ-ਮਹੀਨੇ ਦੀ ਵਿਸ਼ੇਸ਼ ਤੀਬਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਪਹਿਲੀ ਹਫਤਾਵਾਰੀ ਸਮੀਖਿਆ ਮੀਟਿੰਗ ਅੱਜ ਸਰਕਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ,ਪੇਂਡੂ ਵਿਕਾਸ ਡਾ. ਨਰਿੰਦਰ ਸਿੰਘ ਧਾਲੀਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਰੁਣ ਸੱਗੜ, ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀ ਡਾ. ਅਮਨਪ੍ਰੀਤ ਕੌਰ, ਨੋਡਲ ਅਫ਼ਸਰ ਜੀਵਨਦੀਪ ਸਿੰਘ, ਸੀ.ਜੀ.ਓ. ਅੰਬਰ ਬੰਦੋਪਾਧਿਆਏ ਅਤੇ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ਼ ਹਾਜ਼ਰ ਸਨ। ਮੀਟਿੰਗ ਦੌਰਾਨ ਅਗਲੇ ਚਾਰ ਮਹੀਨਿਆਂ ਦੀ ਕਾਰਜ ਯੋਜਨਾ, ਐਚ.ਆਰ.ਪੀਜ਼ ਦੀ ਬਲਾਕ-ਵਾਰ ਸਥਿਤੀ ਅਤੇ ਉਨ੍ਹਾਂ ਦੇ ਸਮੇਂ ਸਿਰ ਇਲਾਜ ਤੇ ਸੁਰੱਖਿਅਤ ਡਿਲੀਵਰੀ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਉਚ-ਜੋਖ਼ਮ ਵਾਲੀ ਗਰਭ ਅਵਸਥਾ ਦੀ ਪਛਾਣ, ਟਰੈਕਿੰਗ ਅਤੇ ਸੁਰੱਖਿਅਤ ਜਣੇਪਾ ਯਕੀਨੀ ਬਣਾਇਆ ਜਾਵੇ ਤਾਂ ਜੋ ਦੇਖਭਾਲ ਵਿਚ ਕਿਸੇ ਵੀ ਦੇਰੀ ਜਾਂ ਪਾੜੇ ਕਾਰਨ ਕਿਸੇ ਮਾਂ ਦੀ ਜਾਨ ਨਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਐਸ.ਐਮ.ਓਜ਼ ਆਪਣੇ-ਆਪਣੇ ਬਲਾਕਾਂ ਵਿਚ ਐਚ.ਆਰ.ਪੀਜ਼ ਦੀ ਹਫਤਾਵਾਰੀ ਵਿਸਤਰਿਤ ਸਮੀਖਿਆ ਕਰਨਗੇ ਅਤੇ ਅਗਲੇ ਹਫ਼ਤੇ ਡਿਲੀਵਰੀ ਲਈ ਹੋਣ ਵਾਲੀ ਹਰ ਐਚ.ਆਰ.ਪੀ. ਲਈ ਵਿਸ਼ੇਸ਼ ਜਨਮ ਯੋਜਨਾ ਤਿਆਰ ਕਰਨਗੇ। ਜ਼ਿਆਦਾ ਐਚ.ਆਰ.ਪੀਜ਼ ਵਾਲੇ ਬਲਾਕਾਂ, ਖ਼ਾਸ ਕਰਕੇ ਕੂਮ ਕਲਾਂ ਅਤੇ ਸਾਹਨੇਵਾਲ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਰਸਾਂ ਅਤੇ ਆਸ਼ਾ ਵਰਕਰਾਂ ਨੂੰ ਬਲਾਕ ਸਟੈਟਿਸਟੀਕਲ ਅਸਿਸਟੈਂਟਸ ਦੇ ਸਹਿਯੋਗ ਨਾਲ ਐਚ.ਆਰ.ਪੀ ਕੇਸਾਂ ਦੀ ਨਿਯਮਿਤ ਪਾਲਣਾ ਲਈ ਜ਼ਿੰਮੇਵਾਰੀ ਸੌਂਪੀ ਜਾਵੇਗੀ। ਹਰ ਫਾਲੋ-ਅੱਪ ਦਾ ਸਹੀ ਰਿਕਾਰਡ ਰੱਖਣ ਦੇ ਨਾਲ ਏ.ਐਨ.ਐਮਜ਼ ਵਲੋਂ ਐਚ.ਆਰ.ਪੀ ਫਾਲੋ-ਅੱਪ ਡੇਟਾ ਸਮੇਂ ਸਿਰ ਬੀ.ਐਸ.ਏਜ਼ ਨਾਲ ਸਾਂਝਾ ਕਰਨਾ ਲਾਜ਼ਮੀ ਹੋਵੇਗਾ। ਐਸ.ਐਮ.ਓਜ਼ ਨੂੰ ਆਪਣੇ ਬਲਾਕਾਂ ਵਿਚ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਨਾਲ ਨਿਯਮਤ ਮੀਟਿੰਗਾਂ ਕਰਨ ਅਤੇ ਮੈਦਾਨੀ ਪੱਧਰ ‘ਤੇ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਸਬੰਧੀ ਜਾਗਰੂਕਤਾ ਵਧਾਉਣ ਲਈ ਗਾਇਨੀਕੋਲੋਜਿਸਟਾਂ ਦੀ ਇਕ ਕਮੇਟੀ ਬਣਾਈ ਜਾਵੇਗੀ। ਇਸ ਤਹਿਤ ਅਨੀਮੀਆ ਦੀ ਰੋਕਥਾਮ ਅਤੇ ਇਲਾਜ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਐਚ.ਆਰ.ਪੀਜ਼ ਦੀ ਪ੍ਰਭਾਵਸ਼ਾਲੀ ਸੰਭਾਲ ਲਈ ਫ਼ੀਲਡ ਸਟਾਫ਼ ਨੂੰ ਤਿਮਾਹੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੇਡੀ ਹੈਲਥ ਵਿਜ਼ਟਰਾਂ, ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਰਾਹੀਂ ਟੀਕਾਕਰਨ ਕੈਂਪ ਲਗਾਏ ਜਾਣਗੇ। ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਨੂੰ ਹਰ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਚਾਰ-ਮਹੀਨੇ ਦੀ ਮੁਹਿੰਮ ਨੂੰ ਹਰ ਪੱਧਰ ’ਤੇ ਪੂਰੀ ਗੰਭੀਰਤਾ ਨਾਲ ਲਾਗੂ ਕਰਨ ਅਤੇ ਹਰ ਹਫ਼ਤਾਵਾਰੀ ਸਮੀਖਿਆ ਮੀਟਿੰਗ ਲਈ ਪੂਰੇ ਬਲਾਕ-ਵਾਰ ਡੇਟਾ ਨਾਲ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਗਲੇ ਚਾਰ ਮਹੀਨੇ ਸਾਡੇ ਲਈ ਬੇਹੱਦ ਮਹੱਤਵਪੂਰਨ ਹਨ। ਜੇਕਰ ਹਰ ਬਲਾਕ ਮਿਸ਼ਨ ਜੀਵਨੀ ਤਹਿਤ ਆਪਣੀ ਜ਼ਿੰਮੇਵਾਰੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਂਦਾ ਹੈ ਤਾਂ ਅਸੀਂ ਜ਼ਿਲ੍ਹਾ ਲੁਧਿਆਣਾ ਵਿਚ ਰੋਕਥਾਮ ਯੋਗ ਮਾਵਾਂ ਦੀ ਮੌਤ ਨੂੰ ਜ਼ੀਰੋ ਕਰਨ ਦੇ ਆਪਣੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ।