ਵਿਧਾਇਕ ਬੱਗਾ ਵਲੋਂ ਨਵੇਂ ਬਣੇ ਖੇਡ ਪਾਰਕ ਦਾ ਰਸਮੀ ਉਦਘਾਟਨ
ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਹਲਕਾ ਉੱਤਰੀ ਅਧੀਨ ਪੈਂਦੇ ਵਾਰਡ ਨੰਬਰ 70 ‘ਚ ਸਥਿਤ ਕੈਲਾਸ਼ ਚੌਕ, ਗਾਂਧੀ ਸਟਰੀਟ ਨੇੜੇ ਨਵੇਂ ਬਣੇ ਖੇਡ ਪਾਰਕ ਦਾ ਉਦਘਾਟਨ ਕੀਤਾ ਗਿਆ।
ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਹਲਕਾ ਉੱਤਰੀ ਅਧੀਨ ਪੈਂਦੇ ਵਾਰਡ ਨੰਬਰ 70 ‘ਚ ਸਥਿਤ ਕੈਲਾਸ਼ ਚੌਕ, ਗਾਂਧੀ ਸਟਰੀਟ ਨੇੜੇ ਨਵੇਂ ਬਣੇ ਖੇਡ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਬੱਗਾ ਨੇ ਦੱਸਿਆ ਕਿ ਇਹ ਪਾਰਕ ਲਗਭਗ 14.70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਨਿਰਮਾਣ ਨਾਲ ਆਸ-ਪਾਸ ਦੇ ਬੱਚਿਆਂ ਨੂੰ ਹੁਣ ਆਪਣੇ ਘਰਾਂ ਦੇ ਨੇੜੇ ਖੇਡਣ ਲਈ ਇਕ ਖੁੱਲ੍ਹੀ ਅਤੇ ਸੁਰੱਖਿਅਤ ਥਾਂ ਮਿਲ ਗਈ ਹੈ। ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਬੱਗਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਖੇਡਾਂ ਵਿਚ ਦਿਲਚਸਪੀ ਰੱਖਣ ਵਾਲੇ ਸਥਾਨਕ ਬੱਚਿਆਂ ਨੂੰ ਅਭਿਆਸ ਲਈ ਦੂਰ-ਦੁਰਾਡੇ ਇਲਾਕਿਆਂ ਵਿਚ ਜਾਣਾ ਪੈਂਦਾ ਸੀ ਅਤੇ ਨਿੱਜੀ ਕੋਚਿੰਗ ਸੈਂਟਰਾਂ ਵਿਚ ਭਾਰੀ ਫ਼ੀਸਾਂ ਦੇਣੀਆਂ ਪੈਂਦੀਆਂ ਸਨ। ਹੁਣ ਪੰਜਾਬ ਸਰਕਾਰ ਵਲੋਂ ਵਿਕਸਤ ਕੀਤੇ ਗਏ ਇਸ ਨਵੇਂ ਪਾਰਕ ਸਦਕਾ ਬੱਚੇ ਆਪਣੇ ਘਰਾਂ ਦੇ ਨੇੜੇ ਮੁਫ਼ਤ ਵਿਚ ਅਭਿਆਸ ਕਰ ਸਕਦੇ ਹਨ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਦੇ ਹਨ। ਇਸ ਮੌਕੇ ਵਿਧਾਇਕ ਬੱਗਾ ਨੇ ਖੇਡਾਂ ਦਾ ਸਾਮਾਨ ਜਿਵੇਂ ਕਿ ਫੁੱਟਬਾਲ, ਕ੍ਰਿਕਟ ਕਿੱਟਾਂ, ਬੈਡਮਿੰਟਨ ਸੈੱਟ ਅਤੇ ਬਾਸਕਟਬਾਲ ਵੀ ਵੰਡੇ, ਜਿਸ ਨਾਲ ਬੱਚਿਆਂ ਦੇ ਚਿਹਰਿਆਂ ‘ਤੇ ਖ਼ੁਸ਼ੀ ਛਾ ਗਈ। ਵਿਧਾਇਕ ਬੱਗਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਲਕਾ ਉੱਤਰੀ ਦੇ ਹਰ ਵਾਰਡ ਵਿਚ ਬੱਚਿਆਂ ਅਤੇ ਨੌਜਵਾਨਾਂ ਲਈ ਖੇਡ ਸਹੂਲਤਾਂ ਪ੍ਰਦਾਨ ਕਰਨਾ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ਕੌਂਸਲਰ ਅਮਨ ਬੱਗਾ ਖੁਰਾਣਾ, ਬਲਾਕ ਪ੍ਰਧਾਨ ਕਾਮਰਾਜ ਸ਼ਰਮਾ, ਵਾਰਡ ਸਕੱਤਰ ਸੰਨੀ ਵਾਸਨ, ਪੁਨੀਤ ਮਨੋਚਾ, ਜੀਤੂ ਸੇਠੀ, ਬੌਬੀ ਰਾਏ, ਕਮਲ ਬਾਤਿਸ਼, ਈਸ਼ਾਨ ਸ਼ਰਮਾ, ਅਨਿਲ ਸ਼ਰਮਾ, ਯੂਥ ਵਿੰਗ ਬਲਾਕ ਕੋਆਰਡੀਨੇਟਰ ਰਾਹੁਲ ਰੁਦਰਾ ਅਤੇ ਯੂਥ ਵਿੰਗ ਵਾਰਡ ਪ੍ਰਧਾਨ ਗਿਟਿਕ ਗੁਗਲਾਨੀ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਵੀ ਹਾਜ਼ਰ ਸਨ।