ਸਲੇਮ ਟਾਬਰੀ ਵਿਚ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ 11 ਖਿਲਾਫ਼ ਕੇਸ ਦਰਜ
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮ ਟਾਬਰੀ ਵਿਚ ਬੀਤੇ ਦਿਨ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਪੁਲਿਸ ਨੇ 11 ਨੌਜਵਾਨਾਂ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਸਟਾਰ ਟਰੇਡਰ ਦੇ ਮਾਲਕ ਜਸਵੀਰ ਸਿੰਘ ਵਾਸੀ ਲਕਸ਼ਮੀ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ।
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮ ਟਾਬਰੀ ਵਿਚ ਬੀਤੇ ਦਿਨ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਪੁਲਿਸ ਨੇ 11 ਨੌਜਵਾਨਾਂ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਸਟਾਰ ਟਰੇਡਰ ਦੇ ਮਾਲਕ ਜਸਵੀਰ ਸਿੰਘ ਵਾਸੀ ਲਕਸ਼ਮੀ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਆਕਾਸ਼ ਧਾਲੀਵਾਲ ਅਤੇ ਉਸਦੇ 10 ਅਣਪਛਾਤੇ ਹਥਿਆਰਬੰਦ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਭਰਾਵਾਂ ਨਾਲ ਦਫਤਰ ਵਿਚ ਬੈਠਾ ਸੀ ਕਿ ਇਸ ਦੌਰਾਨ ਉਕਤ ਕਥਿਤ ਦੋਸ਼ੀ ਜੋ ਕਿ ਹਥਿਆਰਾਂ ਨਾਲ ਲੈਸ ਸਨ ਉੱਥੇ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਦਫਤਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਦੇ ਗਵਾਂਢੀਆਂ ਨੇ ਇਹਨਾਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਉਸ ‘ਤੇ ਵੀ ਹਮਲਾ ਕੀਤਾ ਗਿਆ। ਸਿੱਟੇ ਵਜੋਂ ਉਹ ਉਸਦਾ ਭਰਾ ਸੁਰਜੀਤ ਸਿੰਘ ਅਤੇ ਚਾਰ ਹੋਰ ਵਿਅਕਤੀ ਜ਼ਖਮੀ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਕਾਰਵਾਈ ਕਰਦਿਆ ਇਸ ਮਾਮਲੇ ਵਿਚ ਉਕਤ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਸਦੇ ਲੜਕੇ ਜਿਸਦੀ ਮੌਤ ਜੂਨ ਮਹੀਨੇ ਵਿਚ ਹੋ ਗਈ ਸੀ ਉਸ ਪਾਸੋਂ 18 ਲੱਖ ਰੁਪਏ ਲੈਣ ਬਾਰੇ ਕਹਿ ਰਹੇ ਸਨ। ਜਦੋਂ ਉਸਨੇ ਇਸ ਬਾਰੇ ਪਤਾ ਨਾ ਹੋਣ ਬਾਰੇ ਦੱਸਿਆ ਤਾਂ ਇਹ ਕਥਿਤ ਦੋਸ਼ੀ ਗੁੰਡਾਗਰਦੀ ਤੇ ਉੱਤਰ ਆਏ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਹਾਲ ਦੀ ਘੜੀ ਕਥਿਤ ਦੋਸ਼ੀ ਫਰਾਰ ਦੱਸੇ ਜਾਂਦੇ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਘਟਨਾ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।