ਡੇਰਾਬੱਸੀ, 24 ਜਨਵਰੀ (ਗੁਰਮੀਤ ਸਿੰਘ)- ਬੀਤੇ ਦਿਨੀਂ ਬਰਵਾਲਾ ਸੜਕ 'ਤੇ ਇਕ ਫੈਕਟਰੀ 'ਚੋਂ 60 ਤੋਂ 70 ਲੱਖ ਰੁ. ਦਾ ਸਾਮਾਨ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਇਕ ਹੋਰ ਫੈਕਟਰੀ 'ਚੋਂ ਕਰੀਬ 5 ਲੱਖ ਰੁ. ਦਾ ਸਾਮਾਨ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਪੁਲਿਸ ਨੇ ਪਹਿਲਾਂ ਹੋਈ ਚੋਰੀ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮੰਗਲਵਾਰ ਰਾਤ ਬਰਵਾਲਾ ਸੜਕ 'ਤੇ ਸਥਿਤ ਹੰਸਾ ਇੰਡਸਟਰੀਅਲ ਪਾਰਕ ਦੇ ਸਾਹਮਣੇ ਗੁਰਾਦੇਸ਼ ਇੰਟਰਪ੍ਰਾਈਜਿਜ਼ ਫੈਕਟਰੀ 'ਚ ਵੀ ਚੋਰ ਮੇਨ ਗੇਟ ਦਾ ਕੁੰਡਾ ਕੱਟ ਕੇ ਅੰਦਰ ਦਾਖ਼ਲ ਹੋਏ ਸਨ ਅਤੇ ਸੁਰੱਖਿਆ ਕਰਮੀ ਨੂੰ ਕਮਰੇ ਵਿਚ ਬੰਦ ਕਰਕੇ ਲੱਖਾਂ ਰੁ. ਦਾ ਸਾਮਾਨ ਚੋਰੀ ਕਰਕੇ ਲੈ ਗਏ ਸਨ | ਇਸ ਦੌਰਾਨ ਚੋਰ ਫੈਕਟਰੀ 'ਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਵਾਲੀ ਡੀ. ਵੀ. ਆਰ. ਵੀ ਚੋਰੀ ਕਰਕੇ ਨਾਲ ਲੈ ਗਏ ਸਨ | ਇਸ ਕਰਕੇ ਚੋਰਾਂ ਦਾ ਕੋਈ ਸੁਰਾਗ਼ ਨਹੀਂ ਲੱਗ ਸਕਿਆ ਸੀ |