ਖਰੜ, 24 ਜਨਵਰੀ (ਗੁਰਮੁੱਖ ਸਿੰਘ ਮਾਨ)- ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਦੀ ਨਾਲਾਇਕੀ ਕਾਰਨ ਸੂਬੇ 'ਚ ਜੰਗਲ ਰਾਜ ਹੈ ਤੇ ਭਿ੍ਸ਼ਟਾਚਾਰ, ਨਾਜਾਇਜ਼ ਮਾਈਨਿੰਗ, ਸ਼ਰੇ੍ਹਆਮ ਗੈਂਗਵਾਰ, ਦਿਨ-ਦਿਹਾੜੇ ਕਤਲੋ-ਗਾਰਤ, ਲਿੰਕ ਸੜਕਾਂ ਦੀ ਖਸਤਾ ਹਾਲਤ ਤੇ ਪਿੰਡਾਂ ਨੂੰ ਗ੍ਰਾਂਟਾਂ ਨਾ ਮਿਲਣ ਕਾਰਨ ਜਨਤਾ ਬੇਹੱਦ ਦੁੱਖੀ ਹੈ | ਉਨ੍ਹਾਂ ਕਿਹਾ ਕਿ ਹੁਣ 'ਆਪ' ਆਪਣੀ ਡਿੱਗ ਰਹੀ ਸ਼ਾਖ ਨੂੰ ਸੁਧਾਰਨ ਲਈ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤੇਗੀ | ਉਨ੍ਹਾਂ ਕਿਹਾ ਕਿ ਚਾਹੇ ਮੈਨੀਫੈਸਟੋ 'ਚ ਬੀਬੀਆਂ ਨੂੰ 1000 ਰੁ. ਪ੍ਰਤੀ ਮਹੀਨਾ ਦੇਣ ਦਾ ਵਾਅਦਾ ਹੋਵੇ ਜਾਂ ਹੋਰ ਕਰਜ਼ਾ ਚੁੱਕ ਕੇ ਲਿੰਕ ਸੜਕਾਂ ਦੀ ਮੁਰੰਮਤ ਕਰਵਾਉਣੀ ਹੋਵੇ, ਇਹ ਸਭ ਕੁਝ ਲੋਕਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਹਨ | ਉਨ੍ਹਾਂ ਕਿਹਾ ਕਿ 4 ਸਾਲਾਂ ਬਾਅਦ ਖਾਲੀ ਪਏ ਅਹੁਦਿਆਂ 'ਤੇ ਚੇਅਰਮੈਨ ਨਿਯੁਕਤ ਕਰਨਾ ਸਿਰਫ਼ ਵਰਕਰਾਂ ਨੂੰ ਖੁਸ਼ ਕਰਨ ਦਾ ਇਕ ਡਰਾਮਾ ਹੈ | ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਅਤੇ ਹਰ ਮੰਤਰੀ ਨਾਲ ਦਿੱਲੀ ਦਾ ਇਕ ਅਹੁਦੇਦਾਰ ਅਟੈਚ ਕੀਤਾ ਗਿਆ ਹੈ, ਜੋ ਕਿ ਪੰਜਾਬ ਦੇ ਮੰਤਰੀਆਂ, ਸਰਕਾਰੀ ਅਫ਼ਸਰਾਂ, ਕਰਮਚਾਰੀਆਂ ਅਤੇ ਪੰਜਾਬੀਆਂ ਦੀ ਤੌਹੀਨ ਹੈ, ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਭਾਵੇਂ ਸੂਬੇ 'ਚ 'ਆਪ' ਸਰਕਾਰ ਵਿਰੋਧੀ ਲਹਿਰ ਚੱਲ ਰਹੀ ਹੈ, ਪਰ ਇਸ ਦੇ ਬਾਵਜੂਦ ਕਾਂਗਰਸ ਦੇ ਹਰ ਆਗੂ ਅਤੇ ਵਰਕਰ ਨੂੰ ਆਪਣੇ ਨਿੱਜੀ ਹਿੱਤ ਤਿਆਗ ਕੇ ਇਕਮੁੱਠ ਹੋ ਕੇ ਅਨੁਸ਼ਾਸਨ 'ਚ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ 'ਚ ਜਨਤਾ ਨੂੰ ਜਾਗਰੂਕ ਅਤੇ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ | ਪੰਜਾਬ 'ਚ ਕਾਂਗਰਸ ਪਹਿਲਾਂ ਹੀ ਮਗਨਰੇਗਾ ਨੂੰ ਬੰਦ ਕਰਨ ਦੇ ਵਿਰੋਧ 'ਚ ਅਤੇ ਵੋਟ ਚੋਰੀ ਕਰਨ ਦੇ ਮਾਮਲੇ 'ਚ ਲੋਕ ਲਹਿਰ ਬਣਾ ਚੁੱਕੀ ਹੈ, ਬਸ ਹੁਣ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਹੋ ਕੇ 2027 'ਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ |