ਡੇਰਾਬੱਸੀ, 2 ਮਾਰਚ (ਗੁਰਮੀਤ ਸਿੰਘ)-'ਆਪ' ਸਰਕਾਰ ਪੂਰੇ ਪੰਜਾਬ 'ਚ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਨ ਦੇ ਦਾਅਵੇ ਤਾਂ ਕਰ ਰਹੀ ਹੈ, ਪਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਹਲਕਾ ਡੇਰਾਬੱਸੀ ਵਿਖੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ | ਡੇਰਾਬੱਸੀ ਦੇ ਪਿੰਡ ਬਿਜਣਪੁਰ ਵਿਖੇ ਹਾਲਾਤ ਇਸ ਕਦਰ ਮਾੜੇ ਹੋਏ ਪਏ ਹਨ ਕਿ ਮਾਈਨਿੰਗ ਮਾਫ਼ੀਆ ਨੇ ਬਿਜਲੀ ਦੀਆਂ ਤਾਰਾਂ ਵਾਲੇ ਹਾਈਟੈਂਸ਼ਨ ਪੋਲਾਂ ਕੋਲੋਂ ਮਿੱਟੀ ਚੁੱਕ ਕੇ ਉਨ੍ਹਾਂ ਦੀ ਹੋਂਦ ਨੂੰ ਖ਼ਤਰੇ 'ਚ ਪਾ ਦਿੱਤਾ ਹੈ | ਇਸ ਕਾਰਨ ਪਿੰਡ ਵਾਸੀਆਂ 'ਚ ਡਰ ਅਤੇ ਰੋਸ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਮਾਈਨਿੰਗ ਵਿਭਾਗ ਖੇਤਰ 'ਚ ਹੋ ਰਹੀ ਨਾਜਾਇਜ ਮਾਈਨਿੰਗ 'ਤੇ ਨਕੇਲ ਪਾਉਣ 'ਚ ਫ਼ੇਲ੍ਹ ਸਾਬਿਤ ਹੋ ਰਿਹਾ ਹੈ, ਜਦਕਿ ਮਾਈਨਿੰਗ ਮਾਫ਼ੀਆ ਸ਼ਰੇ੍ਹਆਮ ਖੇਤਾਂ 'ਚੋਂ ਮਿੱਟੀ ਚੁੱਕ ਕੇ ਆਪਣੀਆਂ ਜੇਬਾਂ ਭਰ ਰਿਹਾ ਹੈ | ਲੋਕਾਂ ਨੇ ਕਿਹਾ ਕਿ ਜ਼ੀਰੋ ਟਾਲਰੈਂਸ ਨੀਤੀ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਪਿਛਲੀ ਸਰਕਾਰਾਂ ਦੇ ਰਾਜ ਤੋਂ ਵੀ ਮਾੜਾ ਹਾਲ ਹੋਇਆ ਪਿਆ ਹੈ | ਮਾਈਨਿੰਗ ਵਿਭਾਗ ਸਮੇਤ ਸਥਾਨਕ ਪ੍ਰਸ਼ਾਸਨ ਹੱਥ 'ਤੇ ਹੱਥ ਧਰੀ ਬੈਠਾ ਹੈ, ਜੋ ਕਿ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ | ਪਿੰਡ ਵਾਸੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਵਿਅਕਤੀ ਆਪਣੀ ਜ਼ਮੀਨ 'ਚੋਂ ਕਈ-ਕਈ ਫੁੱਟ ਮਿੱਟੀ ਚੁੱਕ ਕੇ ਵੇਚ ਚੁੱਕਾ ਹੈ ਅਤੇ ਜਿਹੜੇ ਕਿਸਾਨਾਂ ਦੇ ਖੇਤ ਨਾਲ ਲੱਗਦੇ ਹਨ, ਉਨ੍ਹਾਂ ਦੇ ਡਿੱਗਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਖੇਤਾਂ 'ਚ ਖੜ੍ਹੇ ਹਾਈਟੈਂਸ਼ਨ ਤਾਰਾਂ ਵਾਲੇ ਪੋਲ ਵੀ ਹਵਾ 'ਚ ਲਟਕ ਰਹੇ ਹਨ | ਬਿਜਲੀ ਵਿਭਾਗ, ਮਾਈਨਿੰਗ ਵਿਭਾਗ ਅਤੇ ਡੇਰਾਬੱਸੀ ਪ੍ਰਸ਼ਾਸਨ ਆਖਿਰ ਕਿਉਂ ਚੁੱਪੀ ਵੱਟੀ ਬੈਠਾ ਹੈ | ਉੱਚ ਅਧਿਕਾਰੀ ਅਤੇ ਸਰਕਾਰ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ |