ਲਾਲੜੂ, 3 ਮਾਰਚ (ਰਾਜਬੀਰ ਸਿੰਘ)-ਬਸਪਾ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਈਰਾਨ-ਇਜ਼ਰਾਈਲ ਟਕਰਾਅ ਦਰਮਿਆਨ ਦੁਬਈ ਦੇ ਹਵਾਈ ਅੱਡੇ ਸਮੇਤ ਵੱਖ-ਵੱਖ ਅਰਬ ਦੇਸ਼ਾਂ 'ਚ ਵਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ | ਮੌਜੂਦਾ ਹਾਲਾਤ ਕਰਕੇ ਕਈ ਭਾਰਤੀ ਨਾਗਰਿਕਾਂ ਦੇ ਮੁਸ਼ਕਿਲ 'ਚ ਫਸੇ ਹੋਣ ਦੀਆਂ ਰਿਪੋਰਟਾਂ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਭਾਰਤ ਸਰਕਾਰ ਸੁਰੱਖਿਅਤ ਅਤੇ ਸਨਮਾਨਜਨਕ ਢੰਗ ਨਾਲ ਉਨ੍ਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਇਸ ਮਸਲੇ ਨੂੰ ਵੱਧ ਤੋਂ ਵੱਧ ਤਰਜ਼ੀਹ ਦੇਵੇ | ਉਨ੍ਹਾਂ ਇਸ ਮਸਲੇ ਵਿਚ ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਉਹ ਸੰਬੰਧਿਤ ਮੰਤਰਾਲਿਆਂ ਅਤੇ ਅਥਾਰਟੀਆਂ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ ਕਿ ਸਾਰੇ ਪ੍ਰਭਾਵਿਤ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਫੌਰੀ ਆਧਾਰ 'ਤੇ ਲੋੜੀਂਦੀਆਂ ਕੂਟਨੀਤਿਕ ਅਤੇ ਪ੍ਰਸ਼ਾਸਕੀ ਕਾਰਵਾਈਆਂ ਕੀਤੀਆਂ ਜਾਣ |