ਚੰਡੀਗੜ੍ਹ, 6 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ 'ਚ ਦਸੰਬਰ 2026 ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੀਆਂ ਤਿਆਰੀਆਂ ਨੂੰ ਤੇਜ਼ ਕਰਦਿਆਂ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਚ.ਐੱਸ ਲੱਕੀ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਬੂਥ ਲੈਵਲ ਏਜੰਟ ਅਤੇ ਬੂਥ ਕਮੇਟੀਆਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ | ਪਿਛਲੇ ਦਿਨੀਂ ਪਾਰਟੀ ਵਲੋਂ ਸ਼ਹਿਰ ਦੇ ਪੰਜ ਵਾਰਡਾਂ ਵਿਚ ਲਗਾਤਾਰ ਮੀਟਿੰਗਾਂ ਕਰਵਾਈਆਂ ਗਈਆਂ, ਜਿੱਥੇ ਬੂਥ ਕਮੇਟੀਆਂ ਅਤੇ ਬੀ.ਐਲ.ਏ ਮੈਂਬਰਾਂ ਨੂੰ ਚੋਣ ਰਣਨੀਤੀ, ਸੰਗਠਨ ਦੀ ਮਜ਼ਬੂਤੀ ਅਤੇ ਆਉਣ ਵਾਲੀ ਸਪੈਸ਼ਲ ਇੰਟੇਨਸਿਵ ਰੀਵਿਜਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਉਹ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਵੱਖ-ਵੱਖ ਵਾਰਡਾਂ ਵਿਚ ਪਹੁੰਚ ਕੇ ਵਰਕਰਾਂ ਅਤੇ ਬੂਥ ਪੱਧਰ ਦੇ ਅਹੁਦੇਦਾਰਾਂ ਨਾਲ ਸੰਵਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਦਾ ਸਪੱਸ਼ਟ ਟੀਚਾ ਦਸੰਬਰ 2026 ਦੀਆਂ ਨਗਰ ਨਿਗਮ ਚੋਣਾਂ ਵਿਚ ਜਿੱਤ ਹਾਸਿਲ ਕਰਨਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰ ਦੇ ਸਾਰੇ 35 ਵਾਰਡਾਂ ਵਿਚ ਪੂਰੇ ਜ਼ੋਰ ਨਾਲ ਚੋਣ ਲੜੇਗੀ ਅਤੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਨਗਰ ਨਿਗਮ ਵਿਚ ਆਪਣਾ ਮੇਅਰ ਬਣਾਏਗੀ | ਇਸੇ ਦੌਰਾਨ ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਮੰਗ ਪੱਤਰ ਦਿੱਤਾ ਗਿਆ | ਸੰਸਥਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ ਵਲੋਂ ਇਹ ਮੰਗ ਪੱਤਰ ਦਿੰਦੇ ਹੋਏ ਸੰਸਥਾ ਦੀਆਂ ਮੰਗਾਂ ਦਾ ਜਲਦੀ ਹੱਲ ਕਰਵਾਉਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸੰਸਥਾ ਦੇ ਸਲਾਹਕਾਰ ਬਲਵਿੰਦਰ ਸਿੰਘ ਧਾਰੀਵਾਲ, ਅੱਛੇ ਲਾਲ, ਵਿਕਟਰ ਸਿੱਧੂ ਵੀ ਹਾਜ਼ਰ ਸਨ |