ਖਰੜ, 8 ਅਪ੍ਰੈਲ (ਜੰਡਪੁਰੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਮਨਜੀਤ ਕੌਰ ਬਰਿਆਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਸਮਾਰਟ ਫ਼ੋਨ ਆਂਗਣਵਾੜੀ ਪੋਸ਼ਣ ਅਭਿਆਨ ਦੇ ਅਧੀਨ ਆਂਗਣਵਾੜੀ ਸੈਂਟਰਾਂ 'ਚ ਦੇਣ ਲਈ ਖ਼ਰੀਦੇ ਸਨ, ਉਹ ਹੁਣ ਸਰਵੇ ਕਰਨ ਲਈ ਰੂਰਲ ਡਿਪਾਰਟਮੈਂਟ ਨੂੰ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ 13 ਅਪ੍ਰੈਲ ਨੂੰ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਅਤੇ ਉਸ 'ਚ ਫਾਰਮ ਆਂਗਣਵਾੜੀ ਵਰਕਰਾਂ ਨੂੰ ਆਪਣੇ ਫ਼ੋਨਾਂ ਤੋਂ ਭਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਆਂਗਣਵਾੜੀ ਵਰਕਰਾਂ ਆਪਣੇ ਨਿੱਜੀ ਫ਼ੋਨਾਂ ਦੀ ਵਰਤੋਂ ਇਸ ਕਾਰਜ ਲਈ ਨਹੀਂ ਕਰਨਗੀਆਂ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਦੇਵੇਗੀ, ਜੋ ਕਿ ਪੋਸ਼ਣ ਅਭਿਆਨ ਦੇ ਤਹਿਤ ਉਨ੍ਹਾਂ ਲਈ ਖ਼ਰੀਦੇ ਗਏ ਹਨ ਤਾਂ ਹੀ ਉਹ ਇਸ ਯੋਜਨਾ ਦੇ ਫਾਰਮ ਭਰਨਗੀਆਂ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਫਾਰਮਾਂ ਨੂੰ ਅੱਪਲੋਡ ਕਰਨ ਲਈ ਘੱਟੋ ਘੱਟ 100 ਰੁ. ਪ੍ਰਤੀ ਫਾਰਮ ਆਂਗਣਵਾੜੀ ਵਰਕਰ ਨੂੰ ਭੱਤਾ ਦਿੱਤਾ ਜਾਵੇ, ਸਰਕਾਰ ਵਰਕਰਾਂ ਦਾ ਮਾਣ ਭੱਤਾ ਦੁਗਣਾ ਕਰਨ ਦਾ ਵਾਅਦਾ ਤੁਰੰਤ ਪੂਰਾ ਕਰੇ, ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਮਾਣ ਭੱਤਾ ਸਮੇਂ ਸਿਰ ਦਿੱਤਾ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਦਾਖ਼ਲ ਕੀਤੇ ਗਏ ਬੱਚੇ ਵਾਪਸ ਆਂਗਣਵਾੜੀਆਂ 'ਚ ਭੇਜੇ ਜਾਣ | ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ 'ਚ ਭੇਜਿਆ ਜਾਣ ਵਾਲਾ ਰਾਸ਼ਨ ਬੇਹੱਦ ਘਟੀਆ ਕੁਆਲਿਟੀ ਦਾ ਹੈ ਅਤੇ ਇਸ ਦੀ ਮਾਤਰਾ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ ਅਤੇ ਲਾਭਪਾਤਰੀਆਂ ਨੂੰ ਵੰਡਣ 'ਤੇ ਵੀ ਇਹ ਰਾਸ਼ਨ ਖ਼ਤਮ ਨਹੀਂ ਹੁੰਦਾ ਅਤੇ ਸੈਂਟਰਾਂ 'ਚ ਪਿਆ ਰਹਿਣ ਕਰਕੇ ਰਾਸ਼ਨ ਦੀ ਡੇਟ ਐਕਸਪਾਇਰ ਹੋ ਜਾਂਦੀ ਹੈ | ਇਸੇ ਤਰ੍ਹਾਂ ਆਂਗਣਵਾੜੀ 'ਚ ਸੈਂਟਰਾਂ 'ਚ ਸੈਨੇਟਰੀ ਪੈਡ ਹਾਲੇ ਆਏ ਨਹੀਂ ਹੁੰਦੇ ਅਤੇ ਵਿਭਾਗ ਵਲੋਂ ਉਨ੍ਹਾਂ ਨੂੰ ਪਹਿਲਾਂ ਹੀ ਆਨਲਾਈਨ ਕਰਨ ਵਾਸਤੇ ਆਖ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਸੈਨੇਟਰੀ ਪੇਡ ਸੈਂਟਰਾਂ ਵਿਖੇ ਆਉਂਦੇ ਹਨ, ਉਹ ਬਹੁਤ ਘਟੀਆ ਕੁਆਲਿਟੀ ਦੇ ਹੁੰਦੇ ਹਨ, ਜਿਨ੍ਹਾਂ ਨੂੰ ਲੈਣ ਤੋਂ ਮਹਿਲਾਵਾਂ ਮਨ੍ਹਾ ਕਰ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਸਰਕਾਰ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਮਜ਼ਬੂਰ ਕਰਦੀ ਹੈ ਕਿ ਤੁਸੀਂ ਕਾਗਜਾਂ 'ਚ ਰਾਸ਼ਨ ਅਤੇ ਸੈਨੇਟਰੀ ਪੈਡ ਦੀ ਖਪਤ ਭਰੋ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਕੌਰ ਪ੍ਰਧਾਨ ਮੋਰਿੰਡਾ, ਮਨਜੀਤ ਕੌਰ ਛੱਜੂਮਾਜਰਾ ਪ੍ਰਧਾਨ ਖਰੜ-2, ਕਮਲਜੀਤ ਕੌਰ ਮਡੌਲੀ, ਸਵਰਨਜੀਤ ਕੌਰ, ਮਨਪ੍ਰੀਤ ਕੌਰ, ਕਮਲਜੀਤ ਕੌਰ ਦੇਸੂਮਾਜਰਾ, ਪਿ੍ਤਪਾਲ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਤੇ ਕੁਲਜੀਤ ਕੌਰ ਆਦਿ ਵੀ ਹਾਜ਼ਰ ਸਨ |