8ਵੀਂ ਦੇ ਨਤੀਜੇ 'ਚ ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸਕੂਲਾਂ ਦੇ 5 ਵਿਦਿਆਰਥੀ ਮੈਰਿਟ ਸੂਚੀ 'ਚ ਵਿਦਿਆਰਥਣਾਂ ਦਿਵਿਆ, ਸਹਿਨੂਰ ਕੌਰ ਤੇ ਰੇਸ਼ਮੀ ਕੁਮਾਰੀ ਜ਼ਿਲ੍ਹੇ 'ਚੋਂ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ <br/>
ਅਜੀਤ ਡੈਸਕ
12-04-2026
8ਵੀਂ 'ਚ ਦੋ ਪ੍ਰਵਾਸੀ ਲੜਕੀਆਂ ਨੇ ਵੀ ਹਾਸਿਲ ਕੀਤੀਆਂ ਪੁਜੀਸ਼ਨਾਂ- ਮੁੱਖ ਅਧਿਆਪਕ
ਖਰੜ, (ਤਰਸੇਮ ਸਿੰਘ ਜੰਡਪੁਰੀ /ਗੁਰਮੱੁਖ ਸਿੰਘ ਮਾਨ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ 'ਚ ਦੋ ਪ੍ਰਵਾਸੀ ਪਰਿਵਾਰਾਂ ਦੀਆਂ ਲੜਕੀਆਂ ਸਮੇਤ ਤਿੰਨਾਂ ਵਿਦਿਆਰਥਣਾਂ ਸਹਿਨੂਰ ਕੌਰ ਨੇ ਪਹਿਲੀ, ਦੀਵਿਆ ਨੇ ਦੂਜੀ ਤੇ ਰੇਸ਼ਮੀ ਕੁਮਾਰੀ ਨੇ ਤੀਜੀ ਪੁਜੀਸ਼ਨ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਅੱਜ ਸਕੂਲ ਦੇ ਮੁੱਖ ਅਧਿਆਪਕ ਡਾ. ਹਰਿੰਦਰ ਸਿੰਘ, ਅਧਿਆਪਕਾ ਨੀਲਮ ਬਾਂਸਲ, ਆਰਤੀ ਗੁਪਤਾ ਅਤੇ ਗੁਰਪ੍ਰੀਤ ਸਿੰਘ ਸਮੇਤ ਪਿੰਡ ਦੇ ਸਰਪੰਚ ਸਨਪ੍ਰੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਦੇ ਦੇਹਕਲਾਂ ਵਲੋਂ ਇਨ੍ਹਾਂ ਬੱਚੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਕੇਕ ਵੀ ਕੱਟਿਆ ਗਿਆ | ਇਸ ਸੰਬੰਧੀ ਸਕੂਲ ਦੇ ਮੁਖੀ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿਛਲੇ 4-5 ਸਾਲਾਂ ਤੋਂ ਇਹ ਸੁਪਨਾ ਸੀ ਕਿ ਉਹ ਇਕ ਇਤਿਹਾਸਕ ਜਿੱਤ ਪ੍ਰਾਪਤ ਕਰਨ ਅਤੇ ਉਨ੍ਹਾਂ ਦੀਆਂ ਬੱਚੀਆਂ ਨੇ ਜ਼ਿਲ੍ਹੇ 'ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਕੇ ਉਨ੍ਹਾਂ ਦਾ ਸੁਪਨਾ ਸਕਾਰ ਕੀਤਾ ਹੈ | ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਤੇ ਪਿੰਡ ਵਾਸੀ ਦਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਬੱਚੀਆਂ ਨੇ ਇਹ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ, ਜਿਸ ਕਾਰਨ ਸਮੁੱਚੇ ਪਿੰਡ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਬੱਚੀ ਸਹਿਨੂਰ ਕੌਰ ਨੇ ਫਲਾਇੰਗ ਅਫ਼ਸਰ, ਦਿਵਿਆ ਨੇ ਜੱਜ ਅਤੇ ਰੇਸ਼ਮੀ ਕੁਮਾਰੀ ਨੇ ਵਕੀਲ ਬਣਨ ਦੀ ਇੱਛਾ ਜ਼ਾਹਿਰ ਕੀਤੀ | ਉਨ੍ਹਾਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਬਜਹੇੜੀ, ਗੁਰਜੀਤ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਗੁਰਿੰਦਰ ਸਿੰਘ ਪੰਚ, ਗਗਨਪ੍ਰੀਤ ਸਿੰਘ ਸਰਪੰਚ ਨਬੀਪੁਰ ਅਤੇ ਬਬੀਤਾ ਆਦਿ ਵੀ ਹਾਜ਼ਰ ਸਨ |
ਵਿਸ਼ਵਕਰਮਾ ਆਦਰਸ਼ ਵਿਦਿਆਲਿਆ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਮਾਜਰੀ, (ਕੁਲਵੰਤ ਸਿੰਘ ਧੀਮਾਨ)-ਖਿਜ਼ਰਾਬਾਦ ਦੇ ਵਿਸ਼ਵਕਰਮਾ ਆਦਰਸ਼ ਵਿਦਿਆਲਿਆ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਨਤੀਜੇ ਵਿਦਿਆਰਥਣ ਐਸਮੀਨ ਕੌਰ ਨੇ 600 'ਚੋਂ 580 ਅੰਕ ਲੈ ਕੇ ਸਕੂਲ 'ਚੋਂ ਪਹਿਲਾ, ਮੰਨਤ ਗੌਸਵਾਮੀ ਤੇ ਜਸਲੀਨ ਕੌਰ ਨੇ 600 'ਚੋਂ 572 ਅੰਕ ਲੈ ਕੇ ਸਾਂਝੇ ਤੌਰ 'ਤੇ ਦੂਜਾ, ਪਿ੍ੰਸ ਨੇ 600 'ਚੋਂ 570 ਲੈ ਕੇ ਤੀਜਾ ਅਤੇ ਪ੍ਰਨੀਤ ਕੌਰ ਨੇ 600 'ਚੋਂ 568 ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਗਣਿਤ ਅਤੇ ਸਾਇੰਸ ਵਿਸ਼ੇ 'ਚ ਕ੍ਰਮਵਾਰ 99 ਤੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਜਦਕਿ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਚ 70 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ | ਇਸ ਉਪਲੱਬਧੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਸਮੇਤ ਸਮੁੱਚੇ ਸਟਾਫ਼ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਰਤਵਾੜਾ ਸਾਹਿਬ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ
ਮੁੱਲਾਂਪੁਰ ਗਰੀਬਦਾਸ, (ਦਿਲਬਰ ਸਿੰਘ ਖੈਰਪੁਰ)-ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਦਾ 8ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜੇ 'ਚ ਸਕੂਲ 'ਚੋਂ ਵਿਦਿਆਰਥਣ ਗੁਰਜੀਤ ਕੌਰ 82 ਫ਼ੀਸਦੀ ਅੰਕ ਲੈ ਕੇ ਪਹਿਲੇ ਅਤੇ ਬਰਿੰਦਰ ਕੌਰ 79.5 ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ | ਇਸ ਸਕੂਲ ਦੇ ਕੱੁਲ 31 ਬੱਚਿਆਂ ਨੇ 8ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ 19 ਵਿਦਿਆਰਥੀਆਂ ਨੇ ਫਸਟ ਡਵੀਜ਼ਨ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਉਪਲੱਬਧੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਵਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ, ਜਦਕਿ ਸਕੂਲ ਦੇ ਡਾਇਰੈਕਟਰ ਇੰਜ. ਜਸਵੰਤ ਸਿੰਘ ਅਤੇ ਪਿ੍ੰ. ਗੁਰਪ੍ਰੀਤ ਕੌਰ ਨੇ ਸ਼ਾਨਦਾਰ ਨਤੀਜੇ ਲਈ ਸਮੁੱਚੇ ਸਟਾਫ਼ ਅਤੇ ਬੱਚਿਆਂ ਦੀ ਪਿੱਠ ਥਾਪੜੀ |