ਚੰਡੀਗੜ੍ਹ, 11 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਤਹਿਤ 90,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਦੇ ਭਗਵੰਤ ਮਾਨ ਦੇ ਦਾਅਵਿਆਂ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪ੍ਰਚਾਰ ਮੁਹਿੰਮਾਂ ਰਾਹੀਂ ਬੋਰਡ ਲਗਾ ਕੇ ਆਪਣੇ ਬਾਰੇ ਸ਼ੇਖ਼ੀ ਮਾਰੀ ਹੈ, ਪਰ ਜੇਕਰ ਉਨ੍ਹਾਂ ਨੇ ਇੰਨੇ ਸਾਰੇ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਤਾਂ ਪੰਜਾਬ ਵਿਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਿਉਂ ਨਹੀਂ ਘਟ ਰਹੀ? ਨਸ਼ਿਆਂ ਕਾਰਨ ਪਰਿਵਾਰ ਕਿਉਂ ਤਬਾਹ ਹੋ ਰਹੇ ਹਨ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿਚ ਆਪਣੇ ਬਾਰੇ ਸ਼ੇਖ਼ੀ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਪੰਜਾਬ ਨੂੰ ਹੁਣ ਅੰਕੜਿਆਂ ਦੀ ਨਹੀਂ, ਨਤੀਜਿਆਂ ਦੀ ਲੋੜ ਹੈ | ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਅੰਕੜਿਆਂ ਨਾਲ ਕਾਫ਼ੀ ਖੇਡਿਆ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਪੱਸ਼ਟ ਕਰੇ ਕਿ ਫੜੇ ਗਏ ਨਸ਼ਾ ਤਸਕਰਾਂ ਵਿਚੋਂ ਕਿੰਨੇ ਨਸ਼ਾ ਵੇਚਣ ਵਾਲੇ ਅਤੇ ਉਪਭੋਗਤਾ ਹਨ, ਜਿਵੇਂ ਕਿ ਦਾਅਵਾ ਕੀਤਾ ਗਿਆ ਹੈ | ਸੱਚਾਈ ਇਹ ਹੈ ਕਿ ਸਰਕਾਰ ਵਲੋਂ ਗਿ੍ਫ਼ਤਾਰ ਕੀਤੇ ਗਏ ਇਨ੍ਹਾਂ ਨਸ਼ਾ ਤਸਕਰਾਂ ਵਿਚੋਂ ਬਹੁਤ ਸਾਰੇ ਨਸ਼ੇ ਦੇ ਆਦੀ ਹਨ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦਾ ਪ੍ਰਚਾਰ ਪੰਜਾਬ ਨੂੰ ਦੇਸ਼ ਵਿਚ ਬਦਨਾਮ ਕਰਦਾ ਹੈ |