ਚੰਡੀਗੜ੍ਹ, 8 ਮਈ (ਅਜਾਇਬ ਸਿੰਘ ਔਜਲਾ)-ਗੌਰਮਿੰਟ ਅਤੇ ਐਮ.ਸੀ. ਕਰਮਚਾਰੀ ਅਤੇ ਕਾਮਿਆਂ ਦੀ ਤਾਲਮੇਲ ਕਮੇਟੀ ਯੂ.ਟੀ. ਚੰਡੀਗੜ੍ਹ ਦੇ ਇਕ ਵਫ਼ਦ ਨੇ ਓ.ਐਸ.ਡੀ. ਵਿਜੀਲੈਂਸ ਏ-ਵੈਂਕਟੇਸ਼ ਨਾਲ ਮੁਲਾਕਾਤ ਕੀਤੀ ਅਤੇ 14 ਠੇਕਾ ਏਜੰਸੀਆਂ ਵਿਰੁੱਧ ਕਥਿਤ ਭਿ੍ਸ਼ਟਾਚਾਰ ਦੇ ਮਾਮਲਿਆਂ 'ਤੇ ਚਰਚਾ ਕੀਤੀ | ਆਗੂਆਂ ਨੇ ਕਿਹਾ ਕਿ 8 ਦਸੰਬਰ, 2025 ਨੂੰ ਚੰਡੀਗੜ੍ਹ ਵਿਜੀਲੈਂਸ ਵਿਭਾਗ ਨੇ ਤਾਲਮੇਲ ਕਮੇਟੀ ਦੁਆਰਾ ਦਾਇਰ ਸ਼ਿਕਾਇਤ ਦੇ ਆਧਾਰ 'ਤੇ 14 ਠੇਕਾ ਏਜੰਸੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀਆਂ | ਤਿੰਨ ਠੇਕਾ ਏਜੰਸੀਆਂ ਨੇ ਕਾਮਿਆਂ ਦੀਆਂ ਤਨਖ਼ਾਹਾਂ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਵਿਚੋਂ ਕੱਟੇ ਗਏ ਪੀ.ਐਫ. ਵਾਪਸ ਕਰ ਦਿੱਤੇ ਹਨ | ਬਾਕੀ ਏਜੰਸੀਆਂ ਨੇ ਅਜੇ ਤੱਕ ਕਾਮਿਆਂ ਦੇ ਪੈਸੇ ਵਾਪਸ ਨਹੀਂ ਕੀਤੇ ਹਨ | ਆਗੂਆਂ ਨੂੰ ਦੱਸਿਆ ਕਿ ਓ.ਐਸ.ਡੀ., ਵਿਜੀਲੈਂਸ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਤੇ ਵਫ਼ਦ ਨੂੰ ਕਾਮਿਆਂ ਦੀ ਸੂਚੀ ਤੇ ਕੱਟੀ ਗਈ ਤਨਖ਼ਾਹ/ਪੀ.ਐਫ ਦੇ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਤਾਂ ਜੋ ਠੇਕਾ ਏਜੰਸੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾ ਸਕੇ | ਇਸ ਮੌਕੇ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਤੋਂ ਇਲਾਵਾ ਵਫ਼ਦ 'ਚ ਵਰਿੰਦਰ ਬਿਸ਼ਟ, ਅਵਤਾਰ ਸਿੰਘ, ਧਰਮਵੀਰ, ਸੁਖਵਿੰਦਰ ਸਿੰਘ, ਵਿਜੇ ਬਹਾਦਰ, ਤਰੁਣ ਸ਼ਰਮਾ, ਬਲਵਿੰਦਰ ਸਿੰਘ, ਸੀਤਾ ਰਾਮ, ਗੁਰਬਚਨ ਚੌਧਰੀ, ਗੁਰਜੀਤ ਸਿੰਘ ਆਦਿ ਹਾਜ਼ਰ ਸਨ |