08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਵਿਸ਼ੇਸ਼ ਯੋਗਤਾ ਵਾਲੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਮਿਲੀ ਵੱਡੀ ਪਛਾਣ, ਰਾਜਪਾਲ ਕਟਾਰੀਆ ਵਲੋਂ 5 ਲੱਖ ਰੁਪਏ ਦੇ ਵਿਸ਼ੇਸ਼ ਇਨਾਮ ਦਾ ਐਲਾਨ

Ad Position 21
No active advertisement
ਅਜੀਤ ਡੈਸਕ 23-06-2026
ਚੰਡੀਗੜ੍ਹ, 22 ਜੂਨ (ਸੰਦੀਪ ਕੁਮਾਰ ਮਾਹਨਾ)–ਵਿਸ਼ਵ ਸੰਗੀਤ ਦਿਵਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਰਵਾਏ ਗਏ ‘ਫਿਊਜ਼ਨ ਫੈਸਟ-2026’ ਦੌਰਾਨ ਵਿਸ਼ੇਸ਼ ਯੋਗਤਾ ਵਾਲੇ ਕਲਾਕਾਰਾਂ ਦੀ ਪ੍ਰਤਿਭਾ ਅਤੇ ਦ੍ਰਿੜ੍ਹ ਇਰਾਦਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅਜਿਹੇ ਕਲਾਕਾਰਾਂ ਲਈ 5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਸਮਾਜ ਲਈ ਪੇ੍ਰਰਨਾ ਦਾ ਸਰੋਤ ਹਨ। ਟੈਗੋਰ ਥੀਏਟਰ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵਲੋਂ ਕਰਵਾਏ ਗਏ ਇਸ ਸਮਾਗਮ ’ਚ ਸੱਭਿਆਚਾਰਕ ਮਾਮਲਿਆਂ ਦੇ ਸਕੱਤਰ ਡਾ. ਸਈਅਦ ਆਬਿਦ ਰਸ਼ੀਦ ਸ਼ਾਹ, ਡਾਇਰੈਕਟਰ ਸੱਭਿਆਚਾਰਕ ਮਾਮਲੇ ਨਵੀਨ, ਵੱਖ-ਵੱਖ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਹਾਜ਼ਰ ਸਨ।ਆਪਣੇ ਸੰਬੋਧਨ ਦੌਰਾਨ ਕਟਾਰੀਆ ਨੇ ਕਿਹਾ ਕਿ ਸੰਗੀਤ ਇੱਕ ਅਜਿਹੀ ਸਰਵ-ਵਿਆਪਕ ਭਾਸ਼ਾ ਹੈ ਜੋ ਹਰ ਤਰਾਂ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਲੋਕਾਂ ਨੂੰ ਇਕਜੁੱਟ ਕਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਯੋਗਤਾ ਵਾਲੇ ਕਲਾਕਾਰਾਂ ਦੀ ਕਾਬਲੀਅਤ, ਮਿਹਨਤ ਅਤੇ ਹੌਸਲਾ ਇਹ ਸਾਬਤ ਕਰਦਾ ਹੈ ਕਿ ਪ੍ਰਤਿਭਾ ਕਿਸੇ ਵੀ ਸਰੀਰਕ ਸੀਮਾ ਦੀ ਮੁਹਤਾਜ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਲਾ, ਸੰਗੀਤ, ਨਾਟਕ ਅਤੇ ਖੇਡਾਂ ਵਰਗੀਆਂ ਰਚਨਾਤਮਕ ਗਤੀਵਿਧੀਆਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਗਤੀਵਿਧੀਆਂ ਨਾ ਸਿਰਫ਼ ਆਤਮ-ਵਿਸ਼ਵਾਸ ਵਧਾਉਂਦੀਆਂ ਹਨ, ਸਗੋਂ ਸਮਾਜਿਕ ਏਕਤਾ ਅਤੇ ਸਕਾਰਾਤਮਕ ਸੋਚ ਨੂੰ ਵੀ ਮਜ਼ਬੂਤ ਕਰਦੀਆਂ ਹਨ।ਸਮਾਗਮ ਦੌਰਾਨ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਅਤੇ ਕਲਾਕਾਰਾਂ ਵਲੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਦੌਰਾਨ ਖਿੱਚ ਦਾ ਕੇਂਦਰ ਭਾਰਤ ਦੇ ਪਹਿਲੇ ਪੇਸ਼ੇਵਰ ਵਹੀਲਚੇਅਰ ਡਾਂਸ ਗਰੁੱਪ ‘ਵੀ ਆਰ ਵਨ (ਡਬਲਿਊ.ਏ.ਓ.)’ ਦੀ ਪੇਸ਼ਕਾਰੀ ਰਹੀ, ਜਿਸ ਨੇ ਆਪਣੀ ਕਲਾਤਮਕ ਪੇਸ਼ਕਾਰੀ ਰਾਹੀਂ ਹੌਸਲੇ, ਆਤਮ-ਵਿਸ਼ਵਾਸ ਅਤੇ ਸਮਾਵੇਸ਼ੀ ਸਮਾਜ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਮਿਲੀ।ਇਸ ਤੋਂ ਇਲਾਵਾ ਵਾਟਿਕਾ ਸਕੂਲ ਫਾਰ ਹਿਅਰਿੰਗ ਇੰਪੇਅਰਡ ਚਿਲਡਰਨ ਦੇ ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਭੰਗੜਾ ਪੇਸ਼ ਕਰਕੇ ਆਪਣੀ ਅਸਾਧਾਰਨ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਦੇ ਜੋਸ਼ ਅਤੇ ਤਾਲਮੇਲ ਨੇ ਹਾਜ਼ਰੀਨ ਨੂੰ ਖੂਬ ਪ੍ਰਭਾਵਿਤ ਕੀਤਾ। ਸਮਾਗਮ ਦੇ ਨਾਲ-ਨਾਲ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵਲੋਂ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਦੀਆਂ ਬਣਾਈਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ’ਚ ਸ਼ਾਮਲ ਕਲਾਕ੍ਰਿਤੀਆਂ ਨੇ ਬੱਚਿਆਂ ਦੀ ਰਚਨਾਤਮਕ ਸੋਚ, ਕਲਪਨਾ ਸ਼ਕਤੀ ਅਤੇ ਕਲਾਤਮਕ ਹੁਨਰ ਨੂੰ ਬਖੂਬੀ ਦਰਸਾਇਆ। ਪ੍ਰਸ਼ਾਸਕ ਨੇ ਪ੍ਰਦਰਸ਼ਨੀ ਦਾ ਦੌਰਾ ਕਰਦਿਆਂ ਨੌਜਵਾਨ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।ਕਟਾਰੀਆ ਨੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ’ਚ ਸਮਾਵੇਸ਼ਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਸ਼ੇਸ਼ ਯੋਗਤਾ ਵਾਲੇ ਵਿਅਕਤੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਹਰ ਵਿਅਕਤੀ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਉਚਿਤ ਮੰਚ ਅਤੇ ਸਨਮਾਨ ਮਿਲੇ। ‘ਨਸ਼ਾ ਮੁਕਤ ਭਾਰਤ’ ਦੇ ਸੰਕਲਪ ਨਾਲ ਸਮਾਗਮ ਨੂੰ ਜੋੜਦਿਆਂ ਪ੍ਰਸ਼ਾਸਕ ਨੇ ਕਿਹਾ ਕਿ ਸੰਗੀਤ, ਕਲਾ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿਚ ਸਹਾਇਕ ਸਾਬਤ ਹੁੰਦੀਆਂ ਹਨ। ਉਨ੍ਹਾਂ ਕਲਾਕਾਰਾਂ, ਅਧਿਆਪਕਾਂ, ਸੰਸਥਾਵਾਂ ਅਤੇ ਆਮ ਨਾਗਰਿਕਾਂ ਨੂੰ ਇੱਕ ਸਿਹਤਮੰਦ, ਸਮਾਵੇਸ਼ੀ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।ਸਮਾਗਮ ਦੌਰਾਨ ਵਿਸ਼ੇਸ਼ ਯੋਗਤਾ ਵਾਲੇ ਕਲਾਕਾਰਾਂ, ਵਿਦਿਆਰਥੀਆਂ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਉਤਸ਼ਾਹਪੂਰਣ ਸ਼ਮੂਲੀਅਤ ਨੇ ਇਸ ਨੂੰ ਯਾਦਗਾਰ ਬਣਾ ਦਿੱਤਾ। ਪ੍ਰੋਗਰਾਮ ਨੇ ਨਾ ਸਿਰਫ਼ ਕਲਾ ਅਤੇ ਸੰਗੀਤ ਦੀ ਤਾਕਤ ਨੂੰ ਉਜਾਗਰ ਕੀਤਾ, ਸਗੋਂ ਸਮਾਜ ਵਿਚ ਬਰਾਬਰੀ, ਸਨਮਾਨ ਅਤੇ ਸਮਾਵੇਸ਼ਤਾ ਦੇ ਸੰਦੇਸ਼ ਨੂੰ ਵੀ ਮਜ਼ਬੂਤੀ ਨਾਲ ਅੱਗੇ ਵਧਾਇਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਜ਼ਿਲ੍ਹਾ ਮੁਹਾਲੀ ਦੇ ਗੁਰਦੁਆਰਾ... ਅਗਲੀ ਖ਼ਬਰ ਪਿੰਡ ਹੀਉਂ ਵਿਖੇ ਸ਼ਹੀਦੀ ਸਮਾਗਮ ਕਰਵਾਇਆ
Ad Position 24