ਚੰਡੀਗੜ੍ਹ, 10 ਜੁਲਾਈ (ਕਪਿਲ ਵਧਵਾ)– ਸੈਕਟਰ-31 ਥਾਣਾ ਪੁਲਿਸ ਨੇ ਪੋਲਟਰੀ ਫਾਰਮ ਚੌਂਕ ਨੇੜੇ ਪੈਦਲ ਜਾ ਰਹੇ ਵਿਅਕਤੀ ਨੂੰ ਕਾਰ ਦੀ ਟੱਕਰ ਮਾਰ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਅਦ ਵਿਚ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪ ਕੰਪਲੈਕਸ, ਹੱਲੋਮਾਜਰਾ ਵਾਸੀ ਸੋਨੂ ਜੈਸਵਾਲ ਨੇ ਦੱਸਿਆ ਕਿ 7 ਜੁਲਾਈ ਨੂੰ ਪੋਲਟਰੀ ਫਾਰਮ ਚੌਂਕ ਨੇੜੇ ਐਚ.ਆਰ.-9ਐੱਫ.-1820 ਨੰਬਰ ਦੀ ਅਰਟਿਗਾ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਪੈਦਲ ਜਾ ਰਹੇ ਸ਼ਿਵ ਰਾਮ ਨਾਮ ਦੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਸ਼ਿਵ ਰਾਮ (ਜਿਸਤਾ ਅਸਲ ਪਤਾ ਅਜੇ ਨਹੀਂ ਲੱਗ ਪਾਇਆ) ਨੂੰ ਇਲਾਜ ਲਈ ਜੀ.ਐੱਮ.ਸੀ.ਐੱਚ-32 ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਪੁਲਿਸ ਨੇ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਪਿੰਡ ਦਰੋਲੀ ਵਾਸੀ ਸੁਮਿਤ ਉਰਫ਼ ਮੀਨੂੰ ਨੂੰ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਸ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।