ਚੰਡੀਗੜ੍ਹ, 12 ਜੁਲਾਈ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਸੈਕਟਰ-37 ਸਥਿਤ ਇਕ ਸ਼ੋਅਰੂਮ ’ਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿਚ ਹੜਕੰਪ ਮਚ ਗਿਆ। ਕੁਝ ਹੀ ਮਿੰਟਾਂ ’ਚ ਅੱਗ ਨੇ ਸ਼ੋਅਰੂਮ ਦੇ ਅੰਦਰਲੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਘਟਨਾ ਦੀ ਸੂਚਨਾ ਮਿਲਣ ’ਤੇ ਫ਼ਾਇਰ ਵਿਭਾਗ ਦੀਆਂ ਪੰਜ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਕਰੀਬ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮੁੱਢਲੀ ਜਾਂਚ ਅਨੁਸਾਰ ਇਸ ਹਾਦਸੇ ਵਿਚ ਕਰੀਬ ਪੰਜ ਲੱਖ ਰੁਪਏ ਦਾ ਸਮਾਨ ਸੜ ਕੇ ਨਸ਼ਟ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰੇ ਸ਼ੋਅਰੂਮ ਦੇ ਨਾਲ ਪਹਿਲੀ ਮੰਜ਼ਿਲ ਨੂੰ ਜਾਂਦੀਆਂ ਪੋੜੀਆਂ ’ਚ ਲੱਗੇ ਬਿਜਲੀ ਮੀਟਰਾਂ ਵਿਚ ਅੱਗ ਲੱਗਣ ਕਾਰਨ ਧੂੰਆਂ ਨਿਕਲਦਾ ਦੇਖ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਤੁਰੰਤ ਫ਼ਾਇਰ ਬ੍ਰਿਗੇਡ ਦੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਫ਼ਾਇਰ ਬ੍ਰਿਗੇਡ ਵਿਭਾਗ ਨੇ ਤੁਰੰਤ ਪੰਜ ਫ਼ਾਇਰ ਟੈਂਡਰ ਮੌਕੇ ’ਤੇ ਭੇਜੇ। ਫ਼ਾਇਰ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਅੱਗ ਕਾਰਨ ਪੂਰਾ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਧੂੰਏਂ ਨਾਲ ਭਰ ਗਈ, ਜਿਸ ਕਾਰਨ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਕੰਮ ਕਰਦੇ ਕੁੱਝ ਵਿਅਕਤੀ ਅੰਦਰ ਹੀ ਫ਼ਸ ਗਏ। ਉਨ੍ਹਾਂ ਨੂੰ ਕੱਢਣ ਲਈ ਫ਼ਾਇਰ ਬ੍ਰਿਗੇਡ ਕਰਮੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫ਼ਾਇਰ ਅਧਿਕਾਰੀਆਂ ਮੁਤਾਬਕ ਸਮੇਂ ਸਿਰ ਕਾਰਵਾਈ ਹੋਣ ਕਾਰਨ ਅੱਗ ਨੂੰ ਨਾਲ ਲੱਗਦੇ ਸ਼ੋਅਰੂਮਾਂ ਅਤੇ ਇਮਾਰਤਾਂ ਤੱਕ ਫ਼ੈਲਣ ਤੋਂ ਰੋਕ ਲਿਆ ਗਿਆ, ਨਹੀਂ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਸੀ। ਘਟਨਾ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ, ਜਿਸ ਕਾਰਨ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਫਾਇਰ ਵਿਭਾਗ ਤੇ ਬਿਜਲੀ ਵਿਭਾਗ ਦੀਆਂ ਟੀਮਾਂ ਵਲੋਂ ਮੌਕੇ ਦਾ ਮੁਆਇਨਾ ਕਰਕੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਨੂੰ ਸੁਰੱਖਿਆ ਦੇ ਮੱਦੇਨਜ਼ਰ ਕੁਝ ਸਮੇਂ ਲਈ ਘੇਰਾਬੰਦੀ ਕਰ ਦਿੱਤੀ। ਇਸ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਆਵਾਜਾਈ ਵੀ ਕੁਝ ਸਮੇਂ ਲਈ ਪ੍ਰਭਾਵਿਤ ਰਹੀ। ਫਾਇਰ ਵਿਭਾਗ ਨੇ ਦੁਕਾਨਦਾਰਾਂ ਅਤੇ ਵਪਾਰਕ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੇ ਉਪਕਰਨਾਂ ਅਤੇ ਵਾਇਰਿੰਗ ਦੀ ਸਮੇਂ-ਸਮੇਂ ’ਤੇ ਜਾਂਚ ਕਰਵਾਉਣ ਅਤੇ ਅੱਗ ਤੋਂ ਬਚਾਅ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਸੈਕਟਰ-37 ਦੇ ਸ਼ੋਅਰੂਮ ’ਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
ਅਜੀਤ ਡੈਸਕ
13-07-2026