ਚੰਡੀਗੜ੍ਹ, 12 ਜੁਲਾਈ (ਸੰਦੀਪ ਕੁਮਾਰ ਮਾਹਨਾ)- ਮੋਟਾਪੇ ਵਰਗੀ ਵਧ ਰਹੀ ਸਿਹਤ ਸਮੱਸਿਆ ਨਾਲ ਨਜਿੱਠਣ ਲਈ ਲੋਕਾਂ ਦੀ ਸ਼ਮੂਲੀਅਤ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਸਮੇਂ ਦੀ ਲੋੜ ਹੈ। ‘ਮਿਸ਼ਨ ਹੈਲਦੀ ਭਾਰਤ–ਮੋਟਾਪਾ ਮੁਕਤ ਭਾਰਤ’ ਮੁਹਿੰਮ ਦੀ ਸੰਸਥਾਪਕ ਤਾਪਸੀ ਉਪਾਧਿਆਏ ਨਾਲ ਨਗਰ ਨਿਗਮ ਚੰਡੀਗੜ੍ਹ ਵਿਖੇ ਹੋਈ ਮੁਲਾਕਾਤ ਦੌਰਾਨ ਚੰਡੀਗੜ੍ਹ ਦੇ ਮੇਅਰ ਸੌਰਭ ਜੌਸ਼ੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਮੋਟਾਪਾ ਅੱਜ ਦੇ ਸਮੇਂ ਵਿਚ ਗੰਭੀਰ ਜਨ ਸਿਹਤ ਚੁਣੌਤੀ ਬਣਦਾ ਜਾ ਰਿਹਾ ਹੈ ਅਤੇ ਇਸ ਨਾਲ ਸ਼ੂਗਰ, ਦਿਲ ਦੇ ਰੋਗ ਤੇ ਹੋਰ ਕਈ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ। ਇਸ ਮੌਕੇ ਤਾਪਸੀ ਉਪਾਧਿਆਏ ਨੇ ਮੇਅਰ ਨੂੰ ਦੱਸਿਆ ਕਿ ‘ਮਿਸ਼ਨ ਹੈਲਦੀ ਭਾਰਤ–ਮੋਟਾਪਾ ਮੁਕਤ ਭਾਰਤ’ ਇੱਕ ਗੈਰ-ਵਪਾਰਕ ਰਾਸ਼ਟਰੀ ਜਾਗਰੂਕਤਾ ਮੁਹਿੰਮ ਹੈ, ਜੋ ਪਿਛਲੇ 16 ਮਹੀਨਿਆਂ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਲੋਕਾਂ ਨੂੰ ਮੋਟਾਪੇ ਦੀ ਰੋਕਥਾਮ, ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਸਿਹਤਮੰਦ ਜੀਵਨਸ਼ੈਲੀ ਅਤੇ ਰੋਕਥਾਮ-ਆਧਾਰਿਤ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਦਾ ਟੀਚਾ 26 ਸੂਬਿਆਂ ਤੱਕ ਪਹੁੰਚਣਾ ਹੈ ਅਤੇ ਹੁਣ ਤੱਕ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ, ਨੌਜਵਾਨਾਂ, ਮਹਿਲਾਵਾਂ, ਸੀਨੀਅਰ ਨਾਗਰਿਕਾਂ, ਫਿਟਨੈੱਸ ਪ੍ਰੇਮੀਆਂ, ਸਿਹਤ ਮਾਹਿਰਾਂ ਅਤੇ ਸਮਾਜਿਕ ਸੰਸਥਾਵਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਚੁੱਕਾ ਹੈ। ਮੇਅਰ ਸੌਰਭ ਜੋਸ਼ੀ ਨੇ ਤਾਪਸੀ ਉਪਾਧਿਆਏ ਦੀ ਇਸ ਮੁਹਿੰਮ ਤਹਿਤ ਮੋਟਾਪੇ ਅਤੇ ਜੀਵਨਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਸਮਾਜਿਕ ਪਹਿਲਕਦਮੀਆਂ ਨੂੰ ਨਿਗਮ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਚੰਡੀਗੜ੍ਹ ਨੂੰ ਹੋਰ ਤੰਦਰੁਸਤ ਅਤੇ ਫਿਟ ਸ਼ਹਿਰ ਬਣਾਇਆ ਜਾ ਸਕੇ। ਤਾਪਸੀ ਉਪਾਧਿਆਏ ਨੇ ਮੇਅਰ ਵਲੋਂ ਦਿੱਤੇ ਗਏ ਸਮਰਥਨ ਅਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮੁਹਿੰਮ ਦਾ ਸਫ਼ਰ ਦੇਸ਼ ਭਰ ’ਚ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਵੱਧ ਤੋਂ ਵੱਧ ਨਾਗਰਿਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਫਿਟ ਭਾਰਤ ਤੇ ਮੋਟਾਪਾ ਮੁਕਤ ਭਾਰਤ ਦੇ ਰਾਸ਼ਟਰੀ ਸੰਕਲਪ ਨੂੰ ਮਜ਼ਬੂਤ ਕਰਨਾ ਹੈ।