ਡੇਰਾਬੱਸੀ, 12 ਜੁਲਾਈ (ਗੁਰਮੀਤ ਸਿੰਘ)-ਪਿੰਡ ਹਰੀਪੁਰ ਹਿੰਦੂਆਂ ਦੇ ਵਸਨੀਕ ਕੈਮੀਕਲ ਫੈਕਟਰੀਆਂ ਵਲੋਂ ਛੱਡੇ ਜਾ ਰਹੇ ਦੂਸ਼ਿਤ ਤੇ ਜ਼ਹਿਰੀਲੇ ਪਾਣੀ ਕਾਰਨ ਡਾਹਢੇ ਪ੍ਰੇਸ਼ਾਨ ਹਨ। ਇਸ ਮਾਮਲੇ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਜਿਸ ਕਰਕੇ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਫੈਕਟਰੀਆਂ ਦੇ ਇਸ ਕੈਮੀਕਲ ਯੁਕਤ ਪਾਣੀ ਕਾਰਨ ਕਿਸਾਨਾਂ ਦੀਆਂ ਹਰੀਆਂ-ਭਰੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਰਹੀਆਂ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਸੌਗਾਤ ‘ਚ ਮਿਲ ਰਹੀ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਖੇਤਰ ਵਿਚਲੀਆਂ ਕੁਝ ਕੈਮੀਕਲ ਫੈਕਟਰੀਆਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਤ ਦੇ ਹਨ੍ਹੇਰੇ ‘ਚ ਜਾਂ ਬਰਸਾਤੀ ਨਾਲਿਆਂ ਰਾਹੀਂ ਜ਼ਹਿਰੀਲਾ ਕੈਮੀਕਲ ਯੁਕਤ ਪਾਣੀ ਬਾਹਰ ਛੱਡ ਦਿੱਤਾ ਜਾਂਦਾ ਹੈ। ਇਹ ਦੂਸ਼ਿਤ ਪਾਣੀ ਕਿਸਾਨਾਂ ਦੇ ਖੇਤਾਂ ‘ਚ ਦਾਖ਼ਲ ਹੋ ਰਿਹਾ ਹੈ, ਜਿਸ ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਕਾਲੀ ਪੈ ਕੇ ਸੁੱਕ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗੇ ਭਾਅ ਦੇ ਬੀਜ, ਖਾਦਾਂ ਅਤੇ ਦਿਨ-ਰਾਤ ਦੀ ਮਿਹਨਤ ਕਰਕੇ ਪੁੱਤਾਂ ਵਾਂਗ ਪਾਲੀ ਫ਼ਸਲ ਅੱਖਾਂ ਦੇ ਸਾਹਮਣੇ ਤਬਾਹ ਹੁੰਦੀ ਦੇਖ ਕੇ ਉਨ੍ਹਾਂ ਦਾ ਰੋਣਾ ਨਿਕਲ ਆਉਂਦਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਪਾਸੇ ਤਾਂ ਉਨ੍ਹਾਂ ਦੀਆਂ ਫ਼ਸਲਾਂ ਤਾਂ ਤਬਾਹ ਹੋ ਰਹੀਆਂ ਹਨ, ਜਦਕਿ ਦੂਜੇ ਪਾਸੇ ਇਹ ਜ਼ਹਿਰੀਲਾ ਪਾਣੀ ਧਰਤੀ ‘ਚ ਰਸਣ ਉਪਰੰਤ ਪੀਣ ਵਾਲੇ ਪਾਣੀ ‘ਚ ਮਿਲ ਕੇ ਉਸ ਨੂੰ ਦੂਸ਼ਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਕੋਈ ਕਾਰਵਾਈ ਨਾ ਹੋਈ ਤਾਂ ਸਾਡੀਆਂ ਜ਼ਮੀਨਾਂ ਹਮੇਸ਼ਾ ਲਈ ਬੰਜਰ ਹੋ ਜਾਣਗੀਆਂ ਅਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਜਾਣਗੇ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਸਵਾਲਾਂ ਦੇ ਘੇਰੇ ‘ਚ- ਕਿਸਾਨਾਂ ਨੇ ਦੋਸ਼ ਲਗਾਇਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਸ਼ੁਰੂ ਤੋਂ ਹੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਅ ਰਿਹਾ। ਉਨ੍ਹਾਂ ਕਿਹਾ ਕਿ ਫੈਕਟਰੀਆਂ ਸਥਾਪਿਤ ਹੋਣ ਮੌਕੇ ਆਖਿਆ ਜਾਂਦਾ ਹੈ ਕਿ ਉਦਯੋਗ ਲੱਗਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਪਰ ਵਿਭਾਗ ਦੀ ਮਿਲੀਭੁਗਤ ਦੇ ਚਲਦਿਆਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਅਤੇ ਅੱਜ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਘਰ-ਘਰ ਪੈਰ ਪਸਾਰ ਚੁਕੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੰਬੰਧਿਤ ਵਿਭਾਗ ਨੇ ਜਲਦ ਕੋਈ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਹਾਈਵੇਅ ਜਾਮ ਕਰਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੇ। ਉਧਰ ਦੂਜੇ ਪਾਸੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ. ਡੀ. ਓ. ਸਵਜੋਤ ਸਿੰਘ ਬੈਂਸ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਮੌਕੇ ਦਾ ਦੌਰਾ ਕਰਕੇ ਜਾਂਚ ਕੀਤੀ ਜਾਵੇਗੀ।