ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

70 ਕੰਪਨੀਆਂ ਇਕ ਛੱਤ ਹੇਠ, ਸੀ. ਆਈ. ਆਈ. ਵੈਂਡਰ ਕਨੈਕਟ ਐਕਸਪੋ ਨੇ ਉਦਯੋਗਾਂ ਲਈ ਖੋਲ੍ਹੇ ਨਵੇਂ ਮੌਕੇ

Ad Position 21
No active advertisement
ਅਜੀਤ ਡੈਸਕ 14-07-2026
ਚੰਡੀਗੜ੍ਹ, 13 ਜੁਲਾਈ (ਸੰਦੀਪ ਕੁਮਾਰ ਮਾਹਨਾ)–ਸਵਦੇਸ਼ੀ ਰੱਖਿਆ ਨਿਰਮਾਣ, ਤਕਨਾਲੋਜੀ ਆਧਾਰਿਤ ਉਦਯੋਗਿਕ ਸਹਿਯੋਗ ਅਤੇ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਨਵੀਂ ਰਫ਼ਤਾਰ ਦੇਣ ਦੇ ਮਕਸਦ ਨਾਲ ਭਾਰਤੀ ਉਦਯੋਗ ਪ੍ਰੀਸ਼ਦ (ਸੀ. ਆਈ. ਆਈ.) ਵਲੋਂ ਚੰਡੀਗੜ੍ਹ ’ਚ ਦੋ ਰੋਜ਼ਾ ਵੈਂਡਰ ਕਨੈਕਟ ਐਕਸਪੋ-2026 ਦੀ ਸ਼ੁਰੂਆਤ ਕੀਤੀ ਗਈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਕਰੀਬ 70 ਕੰਪਨੀਆਂ ਇਸ ਐਕਸਪੋ ਵਿਚ ਆਪਣੇ ਉਤਪਾਦਾਂ ਅਤੇ ਤਕਨੀਕੀ ਸਮਰੱਥਾਵਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ, ਜਦਕਿ ਭਾਰਤੀ ਹਵਾਈ ਸੈਨਾ ਅਤੇ ਡੀ. ਆਰ. ਡੀ. ਓ. ਦੇ ਅਧਿਕਾਰੀਆਂ ਨੇ ਉਦਯੋਗਾਂ ਨੂੰ ਸਵਦੇਸ਼ੀ ਰੱਖਿਆ ਉਤਪਾਦਨ ਵਿਚ ਵੱਧ ਤੋਂ ਵੱਧ ਭਾਗੀਦਾਰੀ ਦਾ ਸੱਦਾ ਦਿੱਤਾ। ਸੈਕਟਰ-31ਏ ਸਥਿਤ ਸੀ. ਆਈ. ਆਈ. ਉੱਤਰੀ ਖੇਤਰ ਮੁੱਖ ਦਫ਼ਤਰ ਵਿਚ 13 ਅਤੇ 14 ਜੁਲਾਈ ਤੱਕ ਚੱਲਣ ਵਾਲੇ ਇਸ ਐਕਸਪੋ ਦਾ ਉਦੇਸ਼ ਦੇਸ਼ ਦੇ ਪ੍ਰਮੁੱਖ ਖ਼ਰੀਦਦਾਰਾਂ, ਨਿਰਮਾਤਾਵਾਂ ਅਤੇ ਸਪਲਾਇਰਾਂ ਨੂੰ ਇਕ ਸਾਂਝੇ ਮੰਚ ’ਤੇ ਲਿਆ ਕੇ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ, ਤਕਨਾਲੋਜੀ ਆਧਾਰਿਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਲੰਬੇ ਸਮੇਂ ਦੀਆਂ ਉਦਯੋਗਿਕ ਭਾਈਵਾਲੀਆਂ ਨੂੰ ਪ੍ਰੋਤਸਾਹਨ ਦੇਣਾ ਹੈ। ਐਕਸਪੋ ਵਿਚ ਉੱਤਰ ਪ੍ਰਦੇਸ਼, ਗੁਜਰਾਤ, ਕਰਨਾਟਕ, ਹਰਿਆਣਾ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਤੋਂ ਲਗਭਗ 70 ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਪ੍ਰਦਰਸ਼ਨੀ ਵਿਚ ਪ੍ਰਿਸੀਜ਼ਨ ਇੰਜੀਨੀਅਰਿੰਗ, ਹੈਵੀ ਮੈਨੂਫੈਕਚਰਿੰਗ, ਡਿਜ਼ੀਟਲ ਉਦਯੋਗਿਕ ਹੱਲ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਸਬੰਧਤ ਕੰਪਨੀਆਂ ਆਪਣੇ ਉਤਪਾਦ ਅਤੇ ਸਮਰੱਥਾਵਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ ਉਦਯੋਗਾਂ ਨੂੰ ਰੱਖਿਆ ਅਤੇ ਹੋਰ ਰਣਨੀਤਕ ਖੇਤਰਾਂ ਨਾਲ ਜੁੜੇ ਖ਼ਰੀਦ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਸਮਾਗਮ ਦੌਰਾਨ ਭਾਰਤੀ ਹਵਾਈ ਸੈਨਾ ਦੇ 3 ਬੇਸ ਰਿਪੇਅਰ ਡਿਪੋ (3 ਬੀ.ਆਰ.ਡੀ.) ਦੇ ਵਿੰਗ ਕਮਾਂਡਰ ਅਜੈ ਗਾਂਧੀ ਨੇ ਕਿਹਾ ਕਿ ਰੱਖਿਆ ਖੇਤਰ ’ਚ ਅਸਲ ਆਤਮਨਿਰਭਰਤਾ ਉਦੋਂ ਹੀ ਸੰਭਵ ਹੈ ਜਦੋਂ ਭਾਰਤੀ ਤਕਨਾਲੋਜੀ ਅਤੇ ਸਰੋਤਾਂ ਦੇ ਆਧਾਰ ’ਤੇ ਆਯਾਤ ਕੀਤੇ ਉਪਕਰਨਾਂ ਦੇ ਭਰੋਸੇਯੋਗ ਸਵਦੇਸ਼ੀ ਵਿਕਲਪ ਵਿਕਸਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗਾਂ ਨੂੰ ਉੱਚ ਗੁਣਵੱਤਾ, ਮੌਲਿਕਤਾ ਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਯਕੀਨੀ ਬਣਾਉਂਦੇ ਹੋਏ ਰੱਖਿਆ ਖੇਤਰ ਲਈ ਲੋੜੀਂਦੇ ਪੁਰਜ਼ਿਆਂ ਅਤੇ ਪ੍ਰਣਾਲੀਆਂ ਦੇ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ’ਚ ਮੇਂਟੇਨੈਂਸ, ਰਿਪੇਅਰ ਐਂਡ ਓਵਰਹਾਲ (ਐਮ.ਆਰ.ਓ.) ਸਮਰੱਥਾਵਾਂ ਦਾ ਵਿਕਾਸ ਮਜ਼ਬੂਤ ਰੱਖਿਆ ਸਪਲਾਈ ਚੇਨ ਤਿਆਰ ਕਰਨ ਵਿਚ ਅਹਿਮ ਸਾਬਤ ਹੋਵੇਗਾ। ਡੀ. ਆਰ. ਡੀ. ਓ. ਦੇ ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ ਦੇ ਤਕਨੀਕੀ ਨਿਰਦੇਸ਼ਕ ਨੀਰਜ ਸ੍ਰੀਵਾਸਤਵ ਨੇ ਕਿਹਾ ਕਿ ਸਵਦੇਸ਼ੀ ਰੱਖਿਆ ਨਿਰਮਾਣ ਨੂੰ ਗਤੀ ਦੇਣ ਲਈ ਉਦਯੋਗਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੀ. ਆਰ. ਡੀ. ਓ. ਦਾ ‘ਸਮਰ’ ਫਰੇਮਵਰਕ ਖ਼ਾਸ ਕਰਕੇ ਐੱਮ. ਐੱਸ. ਐੱਮ. ਈ. ਇਕਾਈਆਂ ਲਈ ਸੌਖੀ ਅਤੇ ਕਿਫ਼ਾਇਤੀ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਟੀ.ਬੀ.ਆਰ.ਐਲ. ਵਲੋਂ ਉਦਯੋਗਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਜਾਂਚ ਅਤੇ ਮੁਲਾਂਕਣ ਲਈ ਆਧੁਨਿਕ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਉੱਚ ਗੁਣਵੱਤਾ ਵਾਲੇ ਰੱਖਿਆ ਉਤਪਾਦਾਂ ਦੇ ਵਿਕਾਸ ਨੂੰ ਬਲ ਮਿਲੇਗਾ। ਸੀ.ਆਈ.ਆਈ. ਅਨੁਸਾਰ ਵੈਂਡਰ ਕਨੈਕਟ ਐਕਸਪੋ-2026 ਨਿਰਮਾਤਾਵਾਂ, ਤਕਨੀਕੀ ਕੰਪਨੀਆਂ ਅਤੇ ਰਣਨੀਤਕ ਖ਼ਰੀਦ ਏਜੰਸੀਆਂ ਵਿਚਕਾਰ ਮਜ਼ਬੂਤ ਸਾਂਝ ਕਾਇਮ ਕਰਨ ਲਈ ਇਕ ਪ੍ਰਭਾਵਸ਼ਾਲੀ ਮੰਚ ਸਾਬਤ ਹੋਵੇਗਾ। ਇਸ ਰਾਹੀਂ ਨਾ ਸਿਰਫ਼ ਭਾਰਤ ਦੀ ਨਿਰਮਾਣ ਸਮਰੱਥਾ ਅਤੇ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤੀ ਮਿਲੇਗੀ, ਸਗੋਂ ਸਵਦੇਸ਼ੀ ਰੱਖਿਆ ਨਿਰਮਾਣ ਅਤੇ ‘ਆਤਮਨਿਰਭਰ ਭਾਰਤ’ ਦੇ ਟੀਚਿਆਂ ਨੂੰ ਵੀ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਪ੍ਰਗਟਾਈ ਗਈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਲ ਵੱਖ-ਵੱਖ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਨੇ ਕੀਤੀ ਸ਼ਿਸ਼ਟਾਚਾਰ ਮੁਲਾਕਾਤ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੇ ਪੰਜਾਬ ਦੀਆਂ ਮਹਿਲਾਵਾਂ ’ਚ ਜਗਾਈ ਉਮੀਦ, ਸਨਮਾਨ ਤੇ ਆਰਥਿਕ ਆਤਮਨਿਰਭਰਤਾ ਦ...
Ad Position 24
No active advertisement