08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਰਕਾਰੀ ਗਲੀ ਤੋੜਨ ਦੇ ਚਲਦਿਆਂ ਡੇਰਾਬੱਸੀ ਦੇ ਵਾ. ਨੰ. 9 ਦੇ ਵਸਨੀਕਾਂ ’ਚ ਪ੍ਰਸ਼ਾਸਨ ਖ਼ਿਲਾਫ਼ ਪਾਇਆ ਜਾ ਰਿਹੈ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 19-07-2026
ਡੇਰਾਬੱਸੀ, 18 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਵਾ. ਨੰ. 9 (ਸੈਕਟਰ-9, ਗਲੀ ਨੰ. 6, ਪ੍ਰੀਤ ਨਗਰ) ਵਿਖੇ ਇਕ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿ ਇਕ ਵਿਅਕਤੀ ਵਲੋਂ ਸਰਕਾਰੀ ਗਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਇਲਾਕਾ ਵਾਸੀਆਂ ‘ਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ। ਗਲੀ ਨੰ. 6 ਦੇ ਵਸਨੀਕਾਂ ਅਨੁਸਾਰ ਸਾਲ 2013 ‘ਚ ਨਗਰ ਕੌਂਸਲ ਡੇਰਾਬੱਸੀ ਵਲੋਂ ਸ਼ਾਮਲਾਤ ਜਗ੍ਹਾ ‘ਤੇ ਇਕ ਸਰਕਾਰੀ ਗਲੀ ਦਾ ਨਿਰਮਾਣ ਕਰਵਾਇਆ ਗਿਆ ਸੀ। ਇਹ ਗਲੀ ਪ੍ਰੀਤ ਨਗਰ (ਗਲੀ ਨੰ. 6) ਅਤੇ ਭਗਤ ਸਿੰਘ ਨਗਰ (ਗਲੀ ਨੰ. 1) ਨੂੰ ਆਪਸ ‘ਚ ਜੋੜਨ ਦਾ ਮੁੱਖ ਰਸਤਾ ਹੈ, ਜਿਸ ਨਾਲ ਸੈਂਕੜੇ ਲੋਕਾਂ ਨੂੰ ਆਉਣ-ਜਾਣ ‘ਚ ਵੱਡੀ ਸਹੂਲਤ ਮਿਲਦੀ ਸੀ, ਪਰ ਪਰ ਬੀਤੀ 27 ਫਰਵਰੀ ਨੂੰ ਭਗਵੰਤ ਸਿੰਘ ਨਾਂਅ ਦੇ ਇਕ ਵਿਅਕਤੀ ਨੇ ਕਿਰਾਏ ਦੀ ਜੇ. ਸੀ. ਬੀ. ਮਸ਼ੀਨ ਲਿਆ ਕੇ ਇਸ ਗਲੀ ਨੂੰ ਅਚਾਨਕ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ 3 ਮਾਰਚ ਨੂੰ ਇਲਾਕਾ ਵਾਸੀਆਂ ਵਲੋਂ ਇਕੱਠ ਕਰਕੇ ਨਗਰ ਕੌਂਸਲ ਡੇਰਾਬੱਸੀ ਨੂੰ ਇਕ ਲਿਖਤੀ ਦਰਖਾਸਤ ਦਿੱਤੀ ਗਈ ਸੀ। ਉਸ ਸਮੇਂ ਕਾਰਵਾਈ ਕਰਦਿਆਂ ਨਗਰ ਕੌਂਸਲ ਨੇ ਤਕਰੀਬਨ ਇਕ ਹਫ਼ਤੇ ਦੇ ਅੰਦਰ-ਅੰਦਰ ਗਲੀ ਦਾ ਮੁੜ-ਨਿਰਮਾਣ ਕਰਵਾਉਣਾ ਦਾ ਭਰੋਸਾ ਦਿੱਤਾ ਸੀ, ਪਰ ਹੁਣ ਤੱਕ ਗਲੀ ਦੀ ਮੁਰੰਮਤ ਨਹੀਂ ਹੋਈ।
ਫਿਰ ਪੁੱਟੀ ਗਈ ਗਲੀ, ਪਰ ਪ੍ਰਸ਼ਾਸਨ ਗਾਇਬ
ਪੀੜਤਾਂ ਨੇ ਦੱਸਿਆ ਕਿ ਅੱਜ ਉਕਤ ਵਿਅਕਤੀ ਨੇ ਹੱਦ ਪਾਰ ਕਰਦਿਆਂ ਇਸ ਸਰਕਾਰੀ ਗਲੀ ਨੂੰ ਦੁਬਾਰਾ ਪੁੱਟ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਘਟਨਾ ਦੀ ਸੂਚਨਾ ਮਿਲਣ ਦੇ ਬਾਵਜੂਦ ਨਗਰ ਕੌਂਸਲ ਦਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਿਆ। ਗਲੀ ਟੁੱਟਣ ਕਾਰਨ ਕਾਲੋਨੀ ਵਾਸੀਆਂ ਦਾ ਲਾਂਘਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਭਾਵਿਤ ਲੋਕਾਂ, ਜਿਨ੍ਹਾਂ ‘ਚ ਰਾਮਪਾਲ ਸਿੰਘ, ਰਾਜੇਸ਼ ਸ਼ਰਮਾ, ਰਾਮਭਜਨ ਪਾਲ, ਸੰਜੇ ਕੁਮਾਰ, ਕੁਲਦੀਪ ਕੁਮਾਰ, ਬਚਨ ਸਿੰਘ, ਵਿਨੋਦ ਅਤੇ ਕਿਰਨ ਸ਼ਰਮਾ ਆਦਿ ਸ਼ਾਮਲ ਹਨ, ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰਸਤੇ ਨੂੰ ਤੁਰੰਤ ਬਹਾਲ ਕਰਵਾ ਕੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾਵੇ।
ਸੋਮਵਾਰ ਤੱਕ ਕਾਰਵਾਈ ਨਾ ਕਰਨ ਦੇ ਦਿੱਤੇ ਨਿਰਦੇਸ਼ : ਕੌਂਸਲ ਪ੍ਰਧਾਨ
ਉਧਰ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਆਖਿਆ ਕਿ ਨਗਰ ਕੌਂਸਲ ਨੂੰ ਇਸ ਬਾਬਤ ਕੋਈ ਵੀ ਅਦਾਲਤੀ ਜਾਂ ਪ੍ਰਸ਼ਾਸਨਿਕ ਜਾਣਕਾਰੀ ਨਹੀਂ ਹੈ। ਉਨ੍ਹਾਂ ਆਖਿਆ ਕਿ ਫ਼ਿਲਹਾਲ ਉਥੇ ਜੇਕਰ ਕੋਈ ਨਿਰਮਾਣ ਕਾਰਜ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸੋਮਵਾਰ ਨੂੰ ਦਸਤਾਵੇਜ ਦੇਖਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਅਦਾਲਤ ਦੇ ਨਿਰਦੇਸ਼ਾਂ ਤਹਿਤ ਲਿਆ ਕਬਜ਼ਾ : ਪਰਿਵਾਰ
ਉਧਰ ਦੂਜੀ ਧਿਰ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਨ੍ਹਾਂ ਦਾ ਡੇਰਾਬੱਸੀ ਅਦਾਲਤ ‘ਚ ਕਾਫੀ ਸਮੇਂ ਤੋਂ ਰਤਨ ਕੌਰ ਐਮ. ਸੀ. ਬਨਾਮ ਕੇਸ ਚੱਲਦਾ ਆ ਰਿਹਾ ਸੀ, ਜੋ ਕਿ ਉਨ੍ਹਾਂ ਵਲੋਂ ਜਿੱਤ ਲਿਆ ਗਿਆ ਹੈ। ਅੱਜ ਅਦਾਲਤ ਦੀ ਨਿਰਦੇਸ਼ਾਂ ਦੇ ਤਹਿਤ ਪੁਲਿਸ ਅਤੇ ਪ੍ਰਸ਼ਾਸਨ ਦੀ ਹਾਜ਼ਰੀ ‘ਚ ਉਨ੍ਹਾਂ ਨੇ ਇਸ ਜਗ੍ਹਾ ਦਾ ਕਬਜ਼ਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਥੇ ਨਗਰ ਕੌਂਸਲ ਵਲੋਂ ਨਾਜਾਇਜ਼ ਤੌਰ ‘ਤੇ ਗਲੀ ਬਣਾਈ ਹੋਈ ਸੀ।
Ad Position 22
No active advertisement
ਪਿਛਲੀ ਖ਼ਬਰ ਅਵਾਰਾ ਸਾਨ੍ਹ ਦੇ ਹਮਲੇ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਜ਼ੇਰੇ ਇਲਾਜ ਮੌਤ ਅਗਲੀ ਖ਼ਬਰ ਡਬਲ ਇੰਜਣ ਸਰਕਾਰ ਨਾਲ ਹੀ ਪੰਜਾਬ ਦੀ ਆਰਥਿਕਤਾ ਸੁਧਰ ਸਕਦੀ ਹੈ -‘ਰਾਣਾ ਗਿੱਲ
Ad Position 24