ਚੰਡੀਗੜ੍ਹ, 19 ਜੁਲਾਈ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਪੁਲਿਸ ਨੇ ਦੋਪਹੀਆ ਵਾਹਨ ਚੋਰੀ ਦੇ ਮਾਮਲੇ ਵਿਚ ਇਕ ਕਥਿਤ ਚੋਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਤਿੰਨ ਚੋਰੀਸ਼ੁਦਾ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਦੋਸ਼ੀ ਨੇ ਐਲਾਂਤੇ ਮਾਲ ਦੀ ਪਾਰਕਿੰਗ ਤੋਂ ਡੁਪਲੀਕੇਟ ਚਾਬੀ ਨਾਲ ਇਕ ਐਕਟਿਵਾ ਚੋਰੀ ਕਰਨ ਦੀ ਗੱਲ ਵੀ ਕਬੂਲੀ ਹੈ। ਪੁਲਿਸ ਹੁਣ ਉਸ ਦੀ ਹੋਰ ਵਾਹਨ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਮੂਲੀਅਤ ਅਤੇ ਕਿਸੇ ਗਰੋਹ ਨਾਲ ਸੰਭਾਵਿਤ ਸੰਬੰਧਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਥਾਣਾ ਸੈਕਟਰ-26 ਦੀ ਟੀਮ ਨੇ ਜਾਂਚ ਦੌਰਾਨ ਆਦਿਲ ਖ਼ਾਨ (27) ਵਾਸੀ ਮਕਾਨ ਨੰਬਰ 258, ਫੇਜ਼-1, ਬੀ.ਡੀ.ਸੀ., ਸੈਕਟਰ-26, ਚੰਡੀਗੜ੍ਹ ਨੂੰ 18 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਦੇ ਖੁਲਾਸਾ ਬਿਆਨਾਂ ਦੇ ਆਧਾਰ ’ਤੇ ਤਿੰਨ ਚੋਰੀਸ਼ੁਦਾ ਐਕਟਿਵਾ ਸਕੂਟਰ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਵਾਹਨ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕੀਤੇ ਗਏ ਸਨ। ਜਾਂਚ ਦੌਰਾਨ ਦੋਸ਼ੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ 17 ਜੁਲਾਈ ਨੂੰ ਐਲਾਂਟੇ ਮਾਲ ਦੀ ਪਿਛਲੀ ਪਾਰਕਿੰਗ ਵਿਚੋਂ ਲਾਲ ਰੰਗ ਦੀ ਐਕਟਿਵਾ (ਨੰਬਰ ਸੀਐਚ-01ਬੀਐਫ਼-9699) ਡੁਪਲੀਕੇਟ ਚਾਬੀ ਦੀ ਮਦਦ ਨਾਲ ਚੋਰੀ ਕੀਤੀ ਸੀ। ਚੋਰੀ ਕਰਨ ਤੋਂ ਬਾਅਦ ਉਹ ਸਕੂਟਰ ਨੂੰ ਸ਼ਹਿਰ ’ਚ ਘੁੰਮਣ ਤੇ ਆਪਣੇ ਨਿੱਜੀ ਕੰਮਾਂ ਲਈ ਵਰਤਦਾ ਰਿਹਾ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਇਹ ਸਕੂਟਰ ਵੀ ਬਰਾਮਦ ਕਰ ਲਿਆ ਹੈ। ਇਸ ਸੰਬੰਧੀ ਥਾਣਾ ਸੈਕਟਰ-26 ਵਿਚ ਐਫ਼. ਆਈ. ਆਰ. ਨੰਬਰ 93 ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐਸ.) ਦੀ ਧਾਰਾ 317(2) ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਆਦਿਲ ਖ਼ਾਨ ਖ਼ਿਲਾਫ਼ ਪਹਿਲਾਂ ਵੀ ਚੋਰੀ, ਚੋਰੀਸ਼ੁਦਾ ਸਾਮਾਨ ਰੱਖਣ, ਲੁੱਟ ਅਤੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚੰਡੀਗੜ੍ਹ ਦੇ ਸੈਕਟਰ-26 ਅਤੇ ਇੰਡਸਟਰੀਅਲ ਏਰੀਆ ਥਾਣਿਆਂ ’ਚ ਕਈ ਕੇਸ ਦਰਜ ਹਨ। ਪੁਲਿਸ ਉਸ ਦੇ ਅਪਰਾਧਿਕ ਰਿਕਾਰਡ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਕਿਸੇ ਸੰਗਠਿਤ ਵਾਹਨ ਚੋਰ ਗਰੋਹ ਨਾਲ ਜੁੜਿਆ ਹੋਇਆ ਹੈ ਜਾਂ ਇਕੱਲੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਦੇ ਨਾਲ ਹੀ ਹੋਰ ਚੋਰੀਸ਼ੁਦਾ ਵਾਹਨਾਂ ਦੀ ਬਰਾਮਦਗੀ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਵੀ ਜਾਰੀ ਹੈ।