07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲੱਖਾਂ ਵਿਦਿਆਰਥੀਆਂ ਦੀ ਮਿਹਨਤ ਨਾਲ ਹੋ ਰਿਹਾ ਖਿਲਵਾੜ ਬੰਦ ਹੋਵੇ, ਭਵਿੱਖ ਦੀ ਰੱਖਿਆ ਲਈ ਹਰ ਲੜਾਈ ਲੜਾਂਗੇ-ਕੁਮਾਰੀ ਸ਼ੈਲਜਾ

Ad Position 21
No active advertisement
ਅਜੀਤ ਡੈਸਕ 20-07-2026
ਚੰਡੀਗੜ੍ਹ, 19 ਜੁਲਾਈ (ਸੰਦੀਪ ਕੁਮਾਰ ਮਾਹਨਾ)-ਅਖਿਲ ਭਾਰਤੀ ਕਾਂਗਰਸ ਕਮੇਟੀ ਵਲੋਂ ਚਲਾਏ ਜਾ ਰਹੇ ਦੇਸ਼-ਵਿਆਪੀ ਅਭਿਆਨ “ਵਿਦਿਆਰਥੀਆਂ ਦੀ ਗੂੰਜ-ਵਿਦਿਆਰਥੀ ਸੰਵਿਧਾਨ ਸੰਵਾਦ” ਤਹਿਤ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ. ਐਸ. ਯੂ. ਆਈ.) ਵਲੋਂ ਵਿਸ਼ਾਲ ਵਿਦਿਆਰਥੀ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਦੇਸ਼ ‘ਚ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕ ਮਾਮਲਿਆਂ, ਬੇਰੁਜ਼ਗਾਰੀ, ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਕਥਿਤ ਗੜਬੜੀਆਂ ਅਤੇ ਭਰਤੀ ਪ੍ਰਕਿਰਿਆਵਾਂ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਮੇਲਨ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਕੁਮਾਰੀ ਸ਼ੈਲਜਾ, ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ, ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ. ਐਸ. ਲੱਕੀ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਚੇਤਨ ਚੌਹਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਕੁਮਾਰੀ ਸ਼ੈਲਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਸਾਲਾਂ ਦੀ ਮਿਹਨਤ ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਪੇਪਰ ਲੀਕ ਤੇ ਭਰਤੀ ਘੋਟਾਲਿਆਂ ਕਾਰਨ ਵਾਰ-ਵਾਰ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਲਗਾਤਾਰ ਦੇਸ਼ ਦੇ ਵਿਦਿਆਰਥੀਆਂ ਦੀ ਆਵਾਜ਼ ਉਠਾ ਰਹੇ ਹਨ ਅਤੇ ਕੋਟਾ ਤੇ ਦੇਹਰਾਦੂਨ ਵਰਗੇ ਸਿੱਖਿਆ ਕੇਂਦਰਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਦੇਸ਼ ਸਾਹਮਣੇ ਰੱਖਣ ਦਾ ਕੰਮ ਕੀਤਾ ਹੈ। ਸ਼ੈਲਜਾ ਨੇ ਕਿਹਾ ਕਿ ਕਾਂਗਰਸ ਵਿਦਿਆਰਥੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਸੜਕ ਤੋਂ ਲੈ ਕੇ ਸੰਸਦ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ, ਰੁਜ਼ਗਾਰ ਅਤੇ ਬਰਾਬਰ ਦੇ ਮੌਕੇ ਹਰ ਨੌਜਵਾਨ ਦਾ ਸੰਵਿਧਾਨਕ ਅਧਿਕਾਰ ਹਨ ਅਤੇ ਇਨ੍ਹਾਂ ਦੀ ਰੱਖਿਆ ਲਈ ਕਾਂਗਰਸ ਹਰ ਪੱਧਰ ‘ਤੇ ਸੰਘਰਸ਼ ਜਾਰੀ ਰੱਖੇਗੀ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪੇਪਰ ਲੀਕ ਸਿਰਫ਼ ਇਕ ਪ੍ਰੀਖਿਆ ਦਾ ਮਾਮਲਾ ਨਹੀਂ, ਸਗੋਂ ਕਰੋੜਾਂ ਨੌਜਵਾਨਾਂ ਦੇ ਭਵਿੱਖ ਤੇ ਉਨ੍ਹਾਂ ਦੇ ਭਰੋਸੇ ‘ਤੇ ਸਿੱਧਾ ਹਮਲਾ ਹੈ। ਜਦੋਂ ਕਿਸੇ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਲੀਕ ਹੁੰਦਾ ਹੈ ਤਾਂ ਸਿਰਫ਼ ਪ੍ਰੀਖਿਆ ਹੀ ਰੱਦ ਨਹੀਂ ਹੁੰਦੀ, ਸਗੋਂ ਲੱਖਾਂ ਪਰਿਵਾਰਾਂ ਦੀਆਂ ਉਮੀਦਾਂ ਵੀ ਟੁੱਟ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਸਫ਼ਲ ਰਹੀ ਹੈ ਅਤੇ ਨਾ ਹੀ ਭਰਤੀ ਪ੍ਰਕਿਰਿਆਵਾਂ ਦੀ ਨਿਰਪੱਖਤਾ ਯਕੀਨੀ ਬਣਾ ਸਕੀ ਹੈ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ. ਐਸ. ਲੱਕੀ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੇਪਰ ਲੀਕ ਹੁਣ ਕੋਈ ਅਪਵਾਦ ਨਹੀਂ, ਸਗੋਂ ਰਾਸ਼ਟਰੀ ਬਿਮਾਰੀ ਬਣ ਚੁੱਕੀ ਹੈ, ਜਿਸ ਦਾ ਸਥਾਈ ਹੱਲ ਲੱਭਣਾ ਲਾਜ਼ਮੀ ਹੈ। ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਚੇਤਨ ਚੌਹਾਨ ਨੇ ਮੰਗ ਕੀਤੀ ਕਿ ਦੇਸ਼ ਭਰ ‘ਚ ਪੇਪਰ ਲੀਕ ਮਾਮਲਿਆਂ ਦੀ ਨਿਰਪੱਖ ਤੇ ਸਮੇਂਬੱਧ ਜਾਂਚ ਕਰਵਾਈ ਜਾਵੇ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਭਰਤੀ ਪ੍ਰਕਿਰਿਆਵਾਂ ਵਿਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਲਗਾਤਾਰ ਪ੍ਰੀਖਿਆਵਾਂ ਰੱਦ ਹੋਣ, ਭਰਤੀ ਵਿਚ ਦੇਰੀ ਤੇ ਰੁਜ਼ਗਾਰ ਦੇ ਸੀਮਤ ਮੌਕਿਆਂ ਕਾਰਨ ਉਨ੍ਹਾਂ ਵਿਚ ਡੂੰਘੀ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਸਮਾਗਮ ਦੌਰਾਨ ਹੁਸੈਨ ਸੁਲਤਾਨੀਆ, ਜਤਿਨ ਸਿੰਘ, ਜਤਿਨ ਬਿਸ਼ਨੋਈ, ਗੌਰਿਸ਼ ਕਾਲੀਆ ਸਮੇਤ ਐਨ. ਐਸ. ਯੂ. ਆਈ. ਤੇ ਕਾਂਗਰਸ ਦੇ ਕਈ ਅਹੁਦੇਦਾਰ, ਵਿਦਿਆਰਥੀ ਆਗੂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਰਾਹੁਲ ਚੌਹਾਨ ਆਪਣੇ ਸਮਰਥਕਾਂ ਸਮੇਤ ਐਨ. ਐਸ. ਯੂ. ਆਈ. ਵਿਚ ਸ਼ਾਮਿਲ ਹੋਏ, ਜਿਨ੍ਹਾਂ ਦਾ ਕਾਂਗਰਸੀ ਆਗੂਆਂ ਨੇ ਨਿੱਘਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ 36 ਫੀਸਦੀ ਵਾਧੇ ਨਾਲ 4 ਲੱਖ ਏਕੜ ਤੋਂ ਟੱਪਿਆ-ਖੁੱਡੀਆਂ ਅਗਲੀ ਖ਼ਬਰ ਜਸਪ੍ਰੀਤ ਸਿੰਘ ਦਾ ਹਰਿਆਣਾ ਕਮੇਟੀ ਵਲੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਸਨਮਾਨ
Ad Position 24
No active advertisement