ਚੰਡੀਗੜ੍ਹ, 22 ਜੁਲਾਈ (ਸੰਦੀਪ ਕੁਮਾਰ ਮਾਹਨਾ) -ਕਾਂਗਰਸ ਪਾਰਟੀ ਵਲੋਂ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰੀ ਨਿਵਾਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਦੇ ਵਿਰੋਧ ‘ਚ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਨੇ ਸੈਕਟਰ-35 ਸਥਿਤ ਕਾਂਗਰਸ ਭਵਨ ਅੱਗੇ ਰੋਸ ਪ੍ਰਦਰਸ਼ਨ ਕੀਤਾ। ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਅਗਵਾਈ ਹੇਠ ਭਾਜਪਾ ਵਰਕਰ ਸੈਕਟਰ-33 ਸਥਿਤ ‘ਕਮਲਮ’ ਦਫ਼ਤਰ ਤੋਂ ਰੋਸ ਮਾਰਚ ਕਰਦੇ ਹੋਏ ਕਾਂਗਰਸ ਭਵਨ ਪੁੱਜੇ ਅਤੇ ਕਾਂਗਰਸ ਦੀ ਕਾਰਵਾਈ ਨੂੰ ਲੋਕਤੰਤਰੀ ਮਰਿਆਦਾਵਾਂ ਦੇ ਉਲਟ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰਾਂ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧਦੀ ਲੋਕਪ੍ਰਿਯਤਾ ਅਤੇ ਕੇਂਦਰ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਬੌਖਲਾਹਟ ‘ਚ ਅਜਿਹੇ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਿਵਾਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਾਂਗਰਸ ਦੀ ਨਿਰਾਸ਼ਾ ਅਤੇ ਲੋਕਤੰਤਰ ਵਿਰੋਧੀ ਸੋਚ ਨੂੰ ਦਰਸਾਉਂਦੀ ਹੈ। ਸਾਬਕਾ ਸੂਬਾ ਪ੍ਰਧਾਨ ਤੇ ਹਿਮਾਚਲ ਪ੍ਰਦੇਸ਼ ਦੇ ਸਹਿ-ਪ੍ਰਭਾਰੀ ਸੰਜੇ ਟੰਡਨ ਨੇ ਕਿਹਾ ਕਿ ਲੋਕਤੰਤਰ ਵਿਚ ਵਿਰੋਧ ਕਰਨ ਦਾ ਹੱਕ ਹਰ ਕਿਸੇ ਨੂੰ ਹੈ, ਪਰ ਵਿਰੋਧ ਦੇ ਨਾਂ ‘ਤੇ ਅਰਾਜਕਤਾ ਅਤੇ ਗੈਰ-ਲੋਕਤੰਤਰੀ ਤਰੀਕਿਆਂ ਨੂੰ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸੂਬਾ ਜਨਰਲ ਸਕੱਤਰ ਰਾਮਵੀਰ ਭੱਟੀ, ਸਾਬਕਾ ਮੇਅਰ ਰਵਿਕਾਂਤ ਸ਼ਰਮਾ, ਰਾਜੇਸ਼ ਕਾਲੀਆ, ਸੂਬਾ ਮੀਤ ਪ੍ਰਧਾਨ ਨਰੇਸ਼ ਪੰਚਾਲ, ਸੂਬਾ ਮੀਡੀਆ ਇੰਚਾਰਜ ਰਵੀ ਰਾਵਤ, ਯੁਵਾ ਮੋਰਚਾ ਪ੍ਰਧਾਨ ਅਭੈ ਝਾ, ਮਹਿਲਾ ਮੋਰਚਾ ਪ੍ਰਧਾਨ ਸੋਨਮ ਵਰਮਾ ਸਮੇਤ ਸੂਬੇ ਦੇ ਅਹੁਦੇਦਾਰ, ਜ਼ਿਲ੍ਹਾ ਅਤੇ ਮੰਡਲ ਪ੍ਰਧਾਨ, ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰ, ਭਾਜਪਾ ਵਰਕਰ ਅਤੇ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।