ਐੱਸ. ਏ. ਐੱਸ. ਨਗਰ, 22 ਜੁਲਾਈ (ਪ੍ਰੋ. ਅਵਤਾਰ ਸਿੰਘ)-ਸਹਾਇਕ ਕਮਿਸ਼ਨਰ (ਜ) ਮੁਹਾਲੀ ਡਾ. ਅੰਕਿਤਾ ਕਾਂਸਲ ਦੀ ਅਗਵਾਈ ਹੇਠ ‘ਮਾਈ ਭਾਰਤ’ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲ੍ਹੇ ‘ਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਸੰਬੰਧੀ ਵੱਖ-ਵੱਖ ਪਹਿਲਕਦਮੀਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਡਿਪਟੀ ਡਾਇਰੈਕਟਰ ਮੋਹਿਤ ਕੁਮਾਰ ਸੈਣੀ ਵਲੋਂ ਮਾਈ ਭਾਰਤ ਸੰਬੰਧੀ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ‘ਮਾਈ ਭਾਰਤ’ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਅਧੀਨ ਚੱਲ ਰਹੀ ਇਕ ਖ਼ੁਦਮੁਖਤਿਆਰ ਸੰਸਥਾ ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 31 ਅਕਤੂਬਰ 2023 ਨੂੰ ਕੀਤੀ ਗਈ ਸੀ। ਇਸ ਦਾ ਉਦੇਸ਼ ਮਜ਼ਬੂਤ, ਹੁਨਰਮੰਦ ਤੇ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਨੌਜਵਾਨ ਪੀੜ੍ਹੀ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਮਾਈ ਭਾਰਤ’ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇਕ ਏਕੀਕ੍ਰਿਤ ਡਿਜ਼ੀਟਲ ਪਲੇਟਫਾਰਮ ਹੈ, ਜਿਸ ਰਾਹੀਂ ਨੌਜਵਾਨਾਂ ਨੂੰ ਵਲੰਟੀਅਰਿੰਗ, ਤਜ਼ਰਬੇ ਆਧਾਰਿਤ ਸਿੱਖਿਆ, ਲੀਡਰਸ਼ਿਪ ਵਿਕਾਸ, ਹੁਨਰ ਵਿਕਾਸ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ‘ਚ ਭਾਗ ਲੈਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਸੇ ਦੌਰਾਨ ਸਹਾਇਕ ਕਮਿਸ਼ਨਰ ਡਾ. ਅੰਕਿਤਾ ਕਾਂਸਲ ਨੇ ਜ਼ਿਲ੍ਹੇ ‘ਚ ਮਾਈ ਭਾਰਤ ਵਲੰਟੀਅਰ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ‘ਤੇ ਜ਼ੋਰ ਦਿੱਤਾ ਤਾਂ ਜੋ ਸਾਰੇ ਯੋਗ ਨੌਜਵਾਨਾਂ ਦੀ ਮਾਈ ਭਾਰਤ ਪੋਰਟਲ ‘ਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾ ਸਕੇ। ਅੰਤ ‘ਚ ਸਹਾਇਕ ਕਮਿਸ਼ਨਰ ਡਾ. ਕਾਂਸਲ ਨੇ ਸਾਰੇ ਸੰਬੰਧਿਤ ਵਿਭਾਗਾਂ ਅਤੇ ਹਿੱਸੇਦਾਰਾਂ ਨੂੰ ‘ਮਾਈ ਭਾਰਤ’ ਦੀਆਂ ਪਹਿਲਕਦਮੀਆਂ ‘ਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਾਂਝੇ ਯਤਨ ਕਰਨ ਦੀ ਅਪੀਲ ਵੀ ਕੀਤੀ। ਮੀਟਿੰਗ ‘ਚ ਸੰਬੰਧਿਤ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ ਅਤੇ ਯੁਵਾ ਵਿਕਾਸ ਨਾਲ ਜੁੜੀਆਂ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।