ਐੱਸ. ਏ. ਐੱਸ. ਨਗਰ, 22 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਆਗੂਆਂ ਪਰਮਦੀਪ ਸਿੰਘ ਬੈਦਵਾਣ, ਕ੍ਰਿਪਾਲ ਸਿੰਘ ਸਿਆਊ, ਅਮਰਜੀਤ ਸਿੰਘ, ਮਹਿੰਦਰ ਸਿੰਘ, ਜਸਪਾਲ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਅਮਰਪ੍ਰੀਤ ਸਿੰਘ ਤੇ ਰਣਜੀਤ ਸਿੰਘ ਆਦਿ ‘ਤੇ ਆਧਾਰਿਤ ਵਫ਼ਦ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨੂੰ ਮੰਗ-ਪੱਤਰ ਸੌਂਪ ਕੇ ਪਿੰਡ ਪਡਿਆਲਾ ਦੀ ਜ਼ਮੀਨ ਨੂੰ ਖੇਤੀ ਜ਼ੋਨ ਵਿਚ ਪਾਉਣ ਦੀ ਤਜਵੀਜ਼ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਮੰਗ-ਪੱਤਰ ਵਿਚ ਕਿਹਾ ਹੈ ਕਿ ਪਿੰਡ ਪਡਿਆਲਾ ਦਾ ਸਾਰਾ ਰਕਬਾ ਕਰੀਬ 20 ਸਾਲ ਪਹਿਲਾਂ ਕੁਰਾਲੀ ਕਮੇਟੀ ਨੇ ਆਪਣੇ ਅਧੀਨ ਲੈ ਲਿਆ ਸੀ, ਜਿਸ ਕਾਰਨ ਇਸ ਪਿੰਡ ਦੀ ਜ਼ਮੀਨ ਵਿਚ 30 ਤੋਂ 35 ਕਾਲੋਨੀਆਂ ਵਾਲਿਆਂ ਨੇ ਜ਼ਮੀਨ ਖ਼ਰੀਦ ਕੇ ਕਾਲੋਨੀਆਂ ਵਿਕਸਿਤ ਕਰਨ ਦਾ ਕੰਮ ਕੀਤਾ ਹੈ। ਇਨ੍ਹਾਂ ‘ਚੋਂ ਕਈ ਕਾਲੋਨੀਆਂ ਕੁਰਾਲੀ ਕਮੇਟੀ ਤੋਂ ਪਾਸ ਹਨ, ਜਦਕਿ ਕਈ ਪੁੱਡਾ ਅਤੇ ਕੁਝ ਗਮਾਡਾ ਤੋਂ ਵੀ ਪਾਸ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਕਾਲੋਨੀਆਂ ਆਰਜ਼ੀ ਪ੍ਰਬੰਧਾਂ ਅਧੀਨ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਕਾਲੋਨੀਆਂ ਵਿਚ ਵਸੋਂ ਵੀ ਹੋ ਚੁੱਕੀ ਹੈ। ਪੱਤਰ ਅਨੁਸਾਰ ਇਹ ਕਾਲੋਨੀਆਂ ਪਿੰਡ ਦੀ ਜ਼ਮੀਨ ਦਾ 60 ਤੋਂ 70 ਫ਼ੀਸਦੀ ਦੇ ਕਰੀਬ ਰਕਬਾ ਖਾ ਗਈਆਂ ਹਨ, ਜਦਕਿ ਬਾਕੀ ਬਚਦਾ 30 ਫ਼ੀਸਦੀ ਰਕਬਾ ਖੇਤਾਂ ਦੇ ਟੋਟਿਆਂ ਦੇ ਰੂਪ ਵਿਚ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਗਮਾਡਾ ਨੇ ਜਨਤਕ ਨੋਟਿਸ ਜਾਰੀ ਕਰਕੇ ਇਸ ਪਿੰਡ ਦੇ ਬਾਕੀ ਰਕਬੇ ਨੂੰ ਖੇਤੀ ਜ਼ੋਨ ਵਿਚ ਪਾਉਣ ਦੀ ਤਜਵੀਜ਼ ਰੱਖੀ ਹੈ, ਜੋ ਕਿ ਬਿਲਕੁੱਲ ਗ਼ਲਤ ਅਤੇ ਗ਼ੈਰ-ਕਾਨੂੰਨੀ ਵਰਤਾਰਾ ਹੈ। ਉਨ੍ਹਾਂ ਮੰਗ ਕੀਤਾ ਕਿ ਬਾਕੀ ਬਚਦੇ ਰਕਬੇ ਨੂੰ ਵੀ ਰਿਹਾਇਸ਼ੀ ਜ਼ੋਨ ਵਿਚ ਪਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਧੱਕਾ ਕਰਦੇ ਹੋਏ ਇਸ ਬਾਕੀ ਬਚਦੇ ਰਕਬੇ ਨੂੰ ਖੇਤੀ ਜ਼ੋਨ ਵਿਚ ਪਾਇਆ ਗਿਆ ਤਾਂ ਬਾਕੀ ਬਚਦੇ ਜ਼ਮੀਨ ਦੇ ਮਾਲਕ ਉਪਰੋਕਤ ਕਾਲੋਨੀਆਂ ਦੇ ਮਾੜੇ ਪ੍ਰਭਾਵਾਂ ਕਾਰਨ ਫ਼ਸਲ ਸਹੀ ਨਾ ਹੋਣ ਕਾਰਨ ਕਰਜ਼ਾਈ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਪੈਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਮੌਜੂਦਾ ਨੀਤੀਵਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਇਸ ਰਕਬੇ ਨੂੰ ਵੀ ਰਿਹਾਇਸ਼ੀ ਜ਼ੋਨ ਵਿਚ ਪਾਇਆ ਜਾਵੇ।