ਐੱਸ. ਏ. ਐੱਸ. ਨਗਰ, 22 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ 69 ਸਥਿਤ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਇਕੱਤਰਤਾ ਸੁਸ਼ੀਲ ਦੁਸਾਂਝ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਇਕੱਤਰਤਾ ਦੌਰਾਨ ਹਾਜ਼ਰ ਮੈਂਬਰਾਂ ਨੂੰ ਸਭਾ ਦੀ ਨਵੀਂ ਸਰਬਸੰਮਤੀ ਨਾਲ ਚੁਣੀ ਪ੍ਰਬੰਧਕੀ-ਕਮੇਟੀ ਸੰਬੰਧੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਗਿਆ ਕਿ ਡਾ. ਦੀਪਕ ਮਨਮੋਹਨ ਸਿੰਘ ਨੂੰ ਨਵੀਂ ਕਮੇਟੀ ਦਾ ਚੇਅਰਮੈਨ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੂੰ ਪ੍ਰਧਾਨ, ਜਦਕਿ ਸਵੈਰਾਜ ਸੰਧੂ ਨੂੰ ਜਰਨਲ ਸਕੱਤਰ, ਭੁਪਿੰਦਰ ਸਿੰਘ ਮਟੌਰਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਹਰਿੰਦਰਜੀਤ ਸਿੰਘ ਹਰ ਨੂੰ ਮੀਤ ਪ੍ਰਧਾਨ, ਡਾ. ਨਿਰਮਲ ਸਿੰਘ ਬਾਸੀ ਨੂੰ ਵਿੱਤ ਸਕੱਤਰ, ਇੰਦਰਜੀਤ ਸਿੰਘ ਜਾਵਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ ਹੈ, ਜਦਕਿ ਬਲਵਿੰਦਰ ਸਿੰਘ ਧਨੋਆ, ਜਰਨੈਲ ਸਿੰਘ ਰੰਗੀ, ਡਾ. ਪਰਮਜੀਤ ਸਿੰਘ ਭੁੱਲਰ, ਡਾ. ਸੁਰਿੰਦਰ ਗਿੱਲ, ਡਾ. ਸ਼ਿੰਦਰਪਾਲ ਸਿੰਘ, ਦਵਿੰਦਰ ਗਰੇਵਾਲ ਯੂ. ਐਸ. ਏ., ਡਾ. ਗੁਰਮੇਜ ਸਿੰਘ, ਜਗਜੀਤ ਸਿੰਘ ਲੱਟੀ ਯੂ. ਐਸ. ਏ. ਆਦਿ 8 ਮੈਂਬਰਾਂ ਨੂੰ ਸਰਪ੍ਰਸਤ ਬਣਾਇਆਂ ਗਿਆ ਹੈ, ਜਿਸ ’ਤੇ ਹਾਜ਼ਰ ਮੈਂਬਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਆਪਣੀ ਸਹਿਮਤੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਐਡਵੋਕੇਟ ਗਿੱਲ ਨੇ ਵਿਸ਼ੇਸ਼ ਭਾਸ਼ਣ ਦਿੰਦਿਆਂ ਸਾਰੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਮਾਂ ਬੋਲੀ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਪ੍ਰੋ. ਬਲਬੀਰ ਸਿੰਘ ਖੰਨਾ ਨੇ ਆਪਣੀ ਕਹਾਣੀ ਹਨੇਰੀਆਂ ਰਾਤਾਂ ਦਾ ਸੱਚ ਪੜ੍ਹ ਕੇ ਸੁਣਾਈ, ਜਦਕਿ ਸਾਵਣ ਕਵੀ ਦਰਬਾਰ ’ਚ ਭੁਪਿੰਦਰ ਸਿੰਘ ਮਟੌਰਵਾਲਾ, ਹਰਿੰਦਰਜੀਤ ਸਿੰਘ ਹਰ, ਬਲਵਿੰਦਰ ਸਿੰਘ ਢਿੱਲੋਂ ਸਮੇਤ 14 ਕਵੀਆਂ ਨੇ ਸਾਵਣ ਦੇ ਗੀਤ ਪੇਸ਼ ਕੀਤੇ। ਪ੍ਰਧਾਨਗੀ ਭਾਸ਼ਣ ਮੌਕੇ ਸੁਸ਼ੀਲ ਦੁਸਾਂਝ ਨੇ ਪੜ੍ਹੀਆਂ ਗਈਆਂ ਰਚਨਾਵਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ’ਚ ਡਾ. ਸ਼ਿੰਦਰਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ।