ਚੰਡੀਗੜ੍ਹ, 23 ਜੁਲਾਈ (ਮਾਰਕੰਡਾ)- ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸਕੱਤਰ ਸਿਹਤ ਤੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਮਾਰਗਦਰਸ਼ਨ ਵਿਚ ਡਰੱਗਸ ਕੰਟਰੋਲ ਵਿੰਗ ਨੇ ਪਿੰਡ ਦੜੂਆ ਸਥਿਤ ਇਕ ਕੈਮਿਸਟ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ, ਜਿਸ ਵਿਚੋਂ ਨਿਰੀਖਣ ਦੌਰਾਨ ਡਰੱਗਸ ਐਂਡ ਕਾਸਮੈਟਿਕਸ ਐਕਟ ਦੀਆਂ ਉਲੰਘਣਾ ਕਰਦੇ ਹੋਏ ਪਾਇਆ ਗਿਆ। ਕਾਰਵਾਈ ਦੇ ਦੌਰਾਨ ਚਾਰ ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਦੇ ਕੁੱਲ 1,766 ਪ੍ਰੀਗਾਬਾਲਿਨ ਕੈਪਸੂਲ (ਕੱਟ ਸਟ੍ਰਿਪਸ ਸਹਿਤ) ਜ਼ਬਤ ਕੀਤੇ ਗਏ। ਜਿਨ੍ਹਾਂ ਦੀ ਕੀਮਤ ਲਗਪਗ 20,000 ਹੈ। ਇਨ੍ਹਾਂ ਦਵਾਈਆਂ ਦੇ ਦੁਰਉਪਯੋਗ ਅਤੇ ਨਸ਼ੇ ਲਈ ਇਸਤੇਮਾਲ ਕੀਤੇ ਜਾਣ ਦਾ ਖ਼ਦਸ਼ਾ ਹੈ। ਜਾਂਚ ਦੇ ਦੌਰਾਨ ਫਰਮ ਲਾਜ਼ਮੀ ਵਿਕਰੀ ਰਿਕਾਰਡ ਪ੍ਰਸਤੁਤ ਕਰਨ ਵਿਚ ਅਸਫ਼ਲ ਰਹੀ ਅਤੇ ਪ੍ਰੀਗਾਬਾਲਿਨ ਕੈਪਸੂਲ ਦੀ ਅਨੈਤਿਕ ਵਿਕਰੀ ਵਿਚ ਸ਼ਾਮਲ ਪਾਈ ਗਈ। ਫਰਮ ਦੇ ਵਿਰੁੱਧ ਡਰੱਗਸ ਐਂਡ ਕਾਸਮੈਟਿਕਸ ਐਕਟ ਅਤੇ ਨਿਯਮਾਂ ਦੇ ਪ੍ਰਾਵਧਾਨਾਂ ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਬਤ ਕੀਤੀਆਂ ਗਈਆਂ ਦਵਾਈਆਂ ਨੂੰ ਚੀਫ਼ ਜੁਡੀਸ਼ਲ ਮੈਜਿਸਟਰੇਟ ਚੰਡੀਗੜ੍ਹ ਦੀ ਅਦਾਲਤ ਵਿਚ ਪ੍ਰਸਤੁਤ ਕੀਤਾ ਜਾ ਰਿਹਾ ਹੈ। ਫਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ। ਡਰੱਗਸ ਕੰਟਰੋਲ ਵਿੰਗ ਨੇ ਸਪਸ਼ਟ ਕੀਤਾ ਹੈ ਕਿ ਡਰੱਗਸ ਐਂਡ ਕਾਸਮੈਟਿਕਸ ਐਕਟ ਅਤੇ ਨਿਯਮਾਂ ਦੇ ਪ੍ਰਾਵਧਾਨਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀਆਂ ਲਾਗੂਕਰਨ ਦੀਆਂ ਮੁਹਿੰਮਾਂ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਕਿ ਦਵਾਈਆਂ ਦੀ ਅਵੈਧ ਵਿਕਰੀ ਅਤੇ ਦੁਰਉਪਯੋਗ ’ਤੇ ਪ੍ਰਭਾਵੀ ਰੋਕ ਲਗਾਈ ਜਾ ਸਕੇ।