ਖਰੜ, 23 ਜੁਲਾਈ (ਜੰਡਪੁਰੀ)-ਕੇਂਦਰ ਸਰਕਾਰ ਵਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਆਪਣੇ ਹੱਕ ਮੰਗ ਰਹੇ ਨੌਜਵਾਨਾਂ ‘ਤੇ ਕੀਤੇ ਗਏ ਲਾਠੀਚਾਰਜ ਦੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨੰਨਹੇੜੀਆਂ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ‘ਤੇ ਤਸ਼ੱਦਦ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਲਾਠੀਚਾਰਜ ਕਾਰਨ ਅਨੇਕਾਂ ਨੌਜਵਾਨ ਜ਼ਖ਼ਮੀ ਹੋ ਗਏ, ਜਦਕਿ ਪੁਲਿਸ ਵਲੋਂ ਮਾਰੀਆਂ ਗਈਆਂ ਬੁਛਾੜਾਂ ਕਾਰਨ ਵੀ ਕਈ ਨੌਜਵਾਨ ਬੇਹੋਸ਼ ਹੋ ਗਏ। ਉਨ੍ਹਾਂ ਕਿਹਾ ਕਿ ਅਸਲ ‘ਚ ਕੇਂਦਰ ਸਰਕਾਰ ਬੁਖਲਾ ਚੁੱਕੀ ਹੈ ਅਤੇ ਉਸ ਦਾ ਤਾਨਾਸ਼ਾਹ ਵਾਲਾ ਰਵੱਈਆ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਨਰਿੰਦਰ ਸਿੰਘ ਬਡਵਾਲੀ ਜ਼ਿਲ੍ਹਾ ਜਨਰਲ ਸਕੱਤਰ ਬਸਪਾ, ਜਗਦੇਵ ਸਿੰਘ ਪਵਾਰ ਸੀਨੀਅਰ ਬਾਮਸੇਫ ਆਗੂ, ਹਰਦੀਪ ਸਿੰਘ ਨੰਗਲਗੜ੍ਹੀਆ ਸਾਬਕਾ ਪ੍ਰਧਾਨ ਹਲਕਾ ਖਰੜ, ਮਨਜੀਤ ਸਿੰਘ ਕਕਰਾਲੀ ਜ਼ਿਲ੍ਹਾ ਜਨਰਲ ਸਕੱਤਰ ਰੋਪੜ ਨੇ ਵੀ ਇਸ ਘਿਨਾਉਣੀ ਹਰਕਤ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ।