ਤੀਆਂ ਦੀਆਂ ਰੌਣਕਾਂ ਨਾਲ ਮਹਿਕਿਆ ਸੈਕਟਰ-45 ਦਾ ਕਮਿਊਨਿਟੀ ਸੈਂਟਰ
ਚੰਡੀਗੜ੍ਹ, 2 ਅਗਸਤ (ਸੰਦੀਪ ਕੁਮਾਰ ਮਾਹਨਾ)– ਰਵਾਇਤੀ ਪਹਿਰਾਵਿਆਂ, ਪੀਂਘਾਂ, ਤੀਆਂ ਦੇ ਗੀਤਾਂ ਅਤੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸੈਕਟਰ-45 ਦਾ ਕਮਿਊਨਿਟੀ ਸੈਂਟਰ ਤੀਆਂ ਦੀਆਂ ਰੌਣਕਾਂ ਵਿਚ ਰੰਗਿਆ ਨਜ਼ਰ ਆਇਆ। ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਕਰਵਾਏ ਗਏ ਸਮਾਗਮ ਵਿਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਹਿਲਾਵਾਂ ਅਤੇ ਸੀਨੀਅਰ ਨਾਗਰਿਕਾਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਚੰਡੀਗੜ੍ਹ, 2 ਅਗਸਤ (ਸੰਦੀਪ ਕੁਮਾਰ ਮਾਹਨਾ)– ਰਵਾਇਤੀ ਪਹਿਰਾਵਿਆਂ, ਪੀਂਘਾਂ, ਤੀਆਂ ਦੇ ਗੀਤਾਂ ਅਤੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸੈਕਟਰ-45 ਦਾ ਕਮਿਊਨਿਟੀ ਸੈਂਟਰ ਤੀਆਂ ਦੀਆਂ ਰੌਣਕਾਂ ਵਿਚ ਰੰਗਿਆ ਨਜ਼ਰ ਆਇਆ। ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਕਰਵਾਏ ਗਏ ਸਮਾਗਮ ਵਿਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਹਿਲਾਵਾਂ ਅਤੇ ਸੀਨੀਅਰ ਨਾਗਰਿਕਾਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਤੀਆਂ ਦੇ ਤਿਉਹਾਰ ਨੂੰ ਸਮਰਪਿਤ ਇਸ ਸੱਭਿਆਚਾਰਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ, ਸੀਨੀਅਰ ਨਾਗਰਿਕਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਰਵਾਇਤੀ ਪੀਂਘਾਂ, ਤੀਆਂ ਦੇ ਗੀਤਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੇ ਅਜਿਹਾ ਮਾਹੌਲ ਸਿਰਜਿਆ ਕਿ ਕਮਿਊਨਿਟੀ ਸੈਂਟਰ ਤੀਆਂ ਦੇ ਰੰਗਾਂ ਵਿਚ ਰੰਗਿਆ ਹੋਇਆ ਨਜ਼ਰ ਆਇਆ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਹਾਜ਼ਰ ਮਹਿਲਾਵਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਲਾਕਾ ਕੌਂਸਲਰ ਤੇ ਨਿਗਮ ’ਚ ਵਿਰੋਧੀ ਧਿਰ ਦੇ ਆਗੂ ਗੁਰਪ੍ਰੀਤ ਸਿੰਘ ਗਾਬੀ ਨੇ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਤੀਆਂ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਸਾਡੀ ਅਮੀਰ ਸੱਭਿਆਚਾਰਕ ਪਛਾਣ ਅਤੇ ਰਵਾਇਤਾਂ ਦਾ ਪ੍ਰਤੀਕ ਹੈ। ਇਸ ਮੌਕੇ ਪ੍ਰਸ਼ਾਸਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਐਚ. ਐਸ. ਲੱਕੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਸਮਾਜ ਨੂੰ ਜੋੜਨ ਅਤੇ ਆਪਸੀ ਸਾਂਝ ਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਗਈਆਂ ਮਨਮੋਹਕ ਲਾਈਵ ਸੰਗੀਤਕ ਪੇਸ਼ਕਾਰੀਆਂ ਨੇ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਮਹਿਲਾਵਾਂ ਨੇ ਤੀਆਂ ਨਾਲ ਸਬੰਧਤ ਰਵਾਇਤੀ ਗੀਤਾਂ ਅਤੇ ਹੋਰ ਸੱਭਿ ਆਚਾਰਕ ਗਤੀਵਿਧੀਆਂ ਵਿਚ ਵੀ ਉਤਸ਼ਾਹ ਨਾਲ ਹਿੱਸਾ ਲਿਆ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ ਲਈ ਮਹਿਮਾਨਾਂ, ਕਲਾਕਾਰਾਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਵਲੰਟੀਅਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।