ਨਿਆਂਇਕ ਹਿਰਾਸਤ ਦੌਰਾਨ ਹੋਟਲ ’ਚ ਆਰਾਮ ਕਰਦਾ ਮਿਲਿਆ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਸਟਰਮਾਇੰਡ ਵਿਕਰਮ ਵਾਧਵਾ
ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)– ਕਰੋੜਾਂ ਰੁਪਏ ਦੀ ਧੋਖਾਧੜੀ ਅਤੇ ਸਰਕਾਰੀ ਖ਼ਜ਼ਾਨੇ ਦੀ ਹੇਰਾਫੇਰੀ ਮਾਮਲੇ ਵਿਚ ਨਿਆਇਕ ਹਿਰਾਸਤ ਅਧੀਨ ਚੱਲ ਰਹੇ ਮਾਸਟਰਮਾਇੰਡ ਵਿਕਰਮ ਵਾਧਵਾ ਨੂੰ ਮੰਗਲਵਾਰ ਦੁਪਹਿਰ ਸੈਕਟਰ-17 ਸਥਿਤ ਹੋਟਲ ਸਿਟੀ ਹਾਰਟ ਵਿਚੋਂ ਪੁਲਿਸ ਨੇ ਕਾਬੂ ਕਰ ਲਿਆ। ਗੁਪਤ ਸੂਚਨਾ ਦੇ ਆਧਾਰ ’ਤੇ ਡੀ.
ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)– ਕਰੋੜਾਂ ਰੁਪਏ ਦੀ ਧੋਖਾਧੜੀ ਅਤੇ ਸਰਕਾਰੀ ਖ਼ਜ਼ਾਨੇ ਦੀ ਹੇਰਾਫੇਰੀ ਮਾਮਲੇ ਵਿਚ ਨਿਆਇਕ ਹਿਰਾਸਤ ਅਧੀਨ ਚੱਲ ਰਹੇ ਮਾਸਟਰਮਾਇੰਡ ਵਿਕਰਮ ਵਾਧਵਾ ਨੂੰ ਮੰਗਲਵਾਰ ਦੁਪਹਿਰ ਸੈਕਟਰ-17 ਸਥਿਤ ਹੋਟਲ ਸਿਟੀ ਹਾਰਟ ਵਿਚੋਂ ਪੁਲਿਸ ਨੇ ਕਾਬੂ ਕਰ ਲਿਆ। ਗੁਪਤ ਸੂਚਨਾ ਦੇ ਆਧਾਰ ’ਤੇ ਡੀ.ਐੱਸ . ਪੀ. ਪੂਨਮ ਦਿਲਾਵਰੀ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਹੋਟਲ ਵਿਚ ਛਾਪਾ ਮਾਰਿਆ, ਜਿੱਥੇ ਵਿਕਰਮ ਵਾਧਵਾ ਇਲਾਜ ਕਰਵਾਉਣ ਦੀ ਆੜ ਹੇਠ ਆਪਣੇ ਨਜ਼ਦੀਕੀਆਂ ਨਾਲ ਹੋਟਲ ਦੇ ਕਮਰੇ ਵਿਚ ਆਰਾਮ ਕਰਦਾ ਮਿਲਿਆ। ਪੁਲਿਸ ਅਨੁਸਾਰ ਵਿਕਰਮ ਵਾਧਵਾ ਸੈਕਟਰ-16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀ.ਐੱਮ.ਐੱਸ.ਐੱਚ.) ਵਿਚ ਇਲਾਜ ਲਈ ਲਿਆਂਦਾ ਗਿਆ ਸੀ, ਪਰ ਇਲਾਜ ਤੋਂ ਬਾਅਦ ਉਸ ਨੂੰ ਵਾਪਸ ਬੁੜੈਲ ਜੇਲ੍ਹ ਲਿਜਾਉਣ ਦੀ ਬਜਾਏ ਹੋਟਲ ਸਿਟੀ ਹਾਰਟ ਲਿਆਂਦਾ ਗਿਆ, ਜਿੱਥੇ ਉਹ ਕਥਿਤ ਤੌਰ ’ਤੇ ਗੋਲ ਬੈੱਡ ਵਾਲੇ ਕਮਰੇ ਵਿਚ ਆਰਾਮ ਕਰ ਰਿਹਾ ਸੀ। ਛਾਪੇ ਦੌਰਾਨ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਜਦੋਂ ਸੀਨੀਅਰ ਅਧਿਕਾਰੀਆਂ ਨੇ ਪੁੱਛਿਆ ਕਿ ਨਿਆਇਕ ਹਿਰਾਸਤ ਅਧੀਨ ਮੁਲਜ਼ਮ ਹੋਟਲ ਵਿਚ ਕੀ ਕਰ ਰਿਹਾ ਹੈ, ਤਾਂ ਉਨ੍ਹਾਂ ਵਲੋਂ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਜਾ ਸਕਿਆ। ਇਸ ਤੋਂ ਬਾਅਦ ਸੈਕਟਰ-17 ਥਾਣਾ ਪੁਲਿਸ ਨੇ ਸਬ-ਇੰਸਪੈਕਟਰ ਜਗਮੇਰ ਸਿੰਘ, ਏ.ਐੱਸ.ਆਈ. ਸੁਰਿੰਦਰ, ਵਿਕਰਮ ਵਾਧਵਾ ਦੇ ਦੋਵੇਂ ਪੁੱਤਰ ਕੁਨਾਲ ਅਤੇ ਕਰਨ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ, ਜਦਕਿ ਵਿਕਰਮ ਵਾਧਵਾ ਨੂੰ ਮੁੜ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚੋਂ ਭੱਜਣ ਵਿਚ ਸਹਾਇਤਾ ਕਰਨ, ਨਿਆਇਕ ਹਿਰਾਸਤ ਤੋਂ ਫ਼ਰਾਰ ਕਰਵਾਉਣ ਦੀ ਸਾਜ਼ਿਸ਼ ਰਚਣ ਅਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ’ਤੇ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਐੱਫ. ਆਈ. ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਹੋਟਲ ਤੱਕ ਕਿਵੇਂ ਲਿਆਂਦਾ ਗਿਆ ਅਤੇ ਇਸ ਪੂਰੇ ਘਟਨਾਕ੍ਰਮ ਵਿਚ ਹੋਰ ਕਿਹੜੇ ਵਿਅਕਤੀ ਸ਼ਾਮਲ ਸਨ।