ਐੱਸ. ਏ. ਐੱਸ. ਨਗਰ, 4 ਅਗਸਤ (ਕਪਿਲ ਵਧਵਾ)- ਮੁਹਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ 980 ਗ੍ਰਾਮ ਚਰਸ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬੰਟੀ ਪਿੰਡ ਮਟੌਰ ਨੇੜੇ ਵਿਵੇਕ ਹਾਈ ਸਕੂਲ ਮੁਹਾਲੀ ਵਜੋਂ ਹੋਈ ਹੈ, ਜੋ ਪਿੰਡ ਮਟੌਰ ਸਥਿਤ ਓਰਬ ਕਲੱਬ ਦੇ ਸਨੂਕਰ ਪੂਲ ਵਿਚ ਮੈਨੇਜਰ ਵਜੋਂ ਕੰਮ ਕਰਦਾ ਹੈ। ਪੁਲਿਸ ਅਨੁਸਾਰ 2 ਅਗਸਤ ਦੀ ਸ਼ਾਮ ਕਰੀਬ 7:30 ਵਜੇ ਏ. ਐਸ. ਆਈ. ਸੰਦੀਪ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਸੰਬੰਧੀ ਸੱਤਿਆ ਨਾਰਾਇਣ ਮੰਦਰ ਮਟੌਰ ਨੇੜੇ ਮੌਜੂਦ ਸੀ। ਇਸ ਦੌਰਾਨ ਇਕ ਸੂਚਨਾ ਪ੍ਰਾਪਤ ਹੋਈ ਕਿ ਬੰਟੀ ਆਪਣੇ ਪੱਕੇ ਗ੍ਰਾਹਕਾਂ ਨੂੰ ਭਾਰੀ ਮਾਤਰਾ ’ਚ ਚਰਸ ਦੀ ਸਪਲਾਈ ਕਰਦਾ ਹੈ ਅਤੇ ਜੇਕਰ ਓਰਬ ਕਲੱਬ ਸਥਿਤ ਸਨੂਕਰ ਪੂਲ ’ਤੇ ਤੁਰੰਤ ਛਾਪਾ ਮਾਰਿਆ ਜਾਵੇ ਤਾਂ ਉਹ ਨਸ਼ੀਲੇ ਪਦਾਰਥ ਸਮੇਤ ਕਾਬੂ ਆ ਸਕਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 42 ਦੀ ਪਾਲਣਾ ਕਰਦਿਆਂ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਥਾਣਾ ਮਟੌਰ ਵਿਖੇ ਐਨ. ਡੀ. ਪੀ. ਐਸ. ਐਕਟ ਦੀਆਂ ਧਾਰਾਵਾਂ 20, 61 ਅਤੇ 85 ਤਹਿਤ ਕੇਸ ਦਰਜ ਕਰਕੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ 980 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਉਪਰੰਤ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਸਪਲਾਈ ਲੜੀ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ।