ਐੱਸ. ਏ. ਐੱਸ. ਨਗਰ, 24 ਅਗਸਤ (ਪ੍ਰੋ. ਅਵਤਾਰ ਸਿੰਘ)-ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੌਨੀਟਰ ਡਾ. ਪ੍ਰਦੀਪਤਾ ਕੁਮਾਰ ਨਾਇਕ ਵਲੋਂ ਅੱਜ ਮੁਹਾਲੀ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹੇ ‘ਚ ਕੋਹੜ ਦੀ ਰੋਕਥਾਮ, ਜਲਦ ਪਛਾਣ, ਇਲਾਜ ਅਤੇ ਮਰੀਜ਼ਾਂ ਦੀ ਦੇਖਭਾਲ ਸੰਬੰਧੀ ਚੱਲ ਰਹੇ ਪ੍ਰੋਗਰਾਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਡਾ. ਨਾਇਕ ਨੇ ਕਿਹਾ ਕਿ ਕੋਹੜ ਦੀ ਬਿਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਹੋਰ ਸਰਕਾਰੀ ਵਿਭਾਗਾਂ, ਸਥਾਨਕ ਸੰਸਥਾਵਾਂ ਅਤੇ ਸੰਬੰਧਿਤ ਏਜੰਸੀਆਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਸਾਂਝੇ ਯਤਨਾਂ ਨਾਲ ਹੀ ਬਿਮਾਰੀ ਦੀ ਰੋਕਥਾਮ, ਮਰੀਜ਼ਾਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਹੜ ਸੰਬੰਧੀ ਲੋਕਾਂ ‘ਚ ਮੌਜੂਦ ਗ਼ਲਤ ਧਾਰਨਾਵਾਂ ਅਤੇ ਸਮਾਜਿਕ ਭੇਦਭਾਵ ਨੂੰ ਦੂਰ ਕਰਨ ਲਈ ਵਿਆਪਕ ਜਾਗਰੂਕਤਾ ਗਤੀਵਿਧੀਆਂ ਚਲਾਉਣੀਆਂ ਜ਼ਰੂਰੀ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲੋੜੀਂਦੇ ਸੁਧਾਰ ਕਰਨ ਅਤੇ ਜ਼ਮੀਨੀ ਪੱਧਰ ‘ਤੇ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ਿਲ੍ਹੇ ‘ਚ ਕੋਹੜ ਦੀ ਰੋਕਥਾਮ ਅਤੇ ਇਲਾਜ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਪ੍ਰੋਗਰਾਮ ਦੀ ਕਾਰਗੁਜ਼ਾਰੀ ‘ਚ ਹੋਰ ਸੁਧਾਰ ਲਿਆਉਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ‘ਚ ਏ. ਡੀ. ਸੀ. (ਪੇਂਡੂ ਵਿਕਾਸ) ਸੋਨਮ ਚੌਧਰੀ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਮਨ ਵੜਿੰਗ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਚਮੜੀ ਰੋਗਾਂ ਦੇ ਮਾਹਿਰ ਡਾ. ਜੈਇਤੀ ਬੱਤਰਾ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।