ਐੱਸ. ਏ. ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਸੈਕਟਰ- 87 ਦੇ ਵਪਾਰਕ ਖੇਤਰ ਦਾ ਵਿਸਥਾਰ ਕਰਨ ਲਈ ਸੋਹਾਣਾ, ਮਾਣਕਮਾਜਰਾ, ਨਾਨੂੰਮਾਜਰਾ, ਸੰਭਾਲਕੀ ਆਦਿ 4 ਪਿੰਡਾਂ ਦੀ 196.44 ਏਕੜ ਜ਼ਮੀਨ ਐਕਵਾਇਰ ਕਰਨ ਲਈ ਜ਼ਮੀਨ ਦੀ ਕੀਮਤ ਸੰਬੰਧੀ ਸ਼ੁੱਕਰਵਾਰ ਨੂੰ ਸੁਣਾਇਆ ਜਾਣ ਵਾਲਾ ਐਵਾਰਡ ਮੁਲਤਵੀ ਹੋ ਗਿਆ। ਗਮਾਡਾ ਦੇ ਭੋਂ ਪ੍ਰਾਪਤੀ ਕਲੈਕਟਰ ਵਲੋਂ ਬਾਕਾਇਦਾ ਪਿੰਡਾਂ ਵਿਚ ਮੁਨਿਆਦੀ ਕਰਵਾਈ ਗਈ ਸੀ। ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਅੱਜ 25 ਸਤੰਬਰ ਨੂੰ ਸਵੇਰੇ 11 ਵਜੇ ਪੁੱਡਾ ਭਵਨ ਦੀ ਦੂਜੀ ਮੰਜ਼ਿਲ ਤੇ ਸਥਿਤ ਕਮੇਟੀ ਹਾਲ ਵਿਚ ਪਹੁੰਚਣ ਲਈ ਕਿਹਾ ਗਿਆ ਸੀ। ਸੰਬੰਧਿਤ ਕਿਸਾਨ ਮਿਥੇ ਸਮੇਂ ’ਤੇ ਗਮਾਡਾ ਦਫ਼ਤਰ ਵਿਚ ਪਹੁੰਚ ਗਏ, ਪਰ ਭੋਂ ਪ੍ਰਾਪਤੀ ਕਲੈਕਟਰ ਅਤੇ ਹੋਰ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੋਹਾਣਾ ਦੇ ਨੰਬਰਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਹੇਠਲੇ ਕਰਮਚਾਰੀਆਂ ਵਲੋਂ ਐਵਾਰਡ ਸੁਣਾਉਣ ਵਾਲੇ ਪ੍ਰੋਗਰਾਮ ਦੇ ਮੁਲਤਵੀ ਹੋ ਜਾਣ ਸੰਬੰਧੀ ਜਾਣੂ ਕਰਵਾਇਆ ਗਿਆ ਉਨ੍ਹਾਂ ਨੂੰ ਪਹਿਲਾਂ ਇਸ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਹਾਲੇ ਨਵੀਂ ਤਾਰੀਖ਼ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਸੈਕਟਰ- 101 ਵਿਚ ਉਦਯੋਗਿਕ ਖੇਤਰ ਦੇ ਵਿਸਥਾਰ ਲਈ ਪਿੰਡ ਦੁਰਾਲੀ ਦੀ ਐਕਵਾਇਰ ਕੀਤੀ ਜਾ ਰਹੀ 129 ਏਕੜ ਜ਼ਮੀਨ ਦੇ ਐਵਾਰਡ ਸੁਣਾਏ ਜਾਣ ’ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 27 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ। ਦੁਰਾਲੀ ਵਾਸੀ ਕੇਸਰ ਸਿੰਘ ਅਤੇ ਹੋਰਨਾਂ ਵਲੋਂ ਆਪਣੇ ਵਕੀਲਾਂ ਰਾਹੀਂ ਪਾਈ ਪਟੀਸ਼ਨ ਵਿਚ ਪਿੰਡ ਵਾਸੀਆਂ ਨੇ ਭੂਮੀ ਗ੍ਰਹਿਣ ਐਕਟ ਦੇ ਸੈਕਸ਼ਨ 10 ਅਤੇ 15 ਦਾ ਮਾਮਲਾ ਚੁੱਕਦਿਆਂ ਆਪਣੀ ਪਟੀਸ਼ਨ ਵਿਚ ਗਮਾਡਾ ਨੂੰ ਦਿੱਤੇ ਗਏ ਇਤਰਾਜ਼ਾਂ ਬਾਰੇ ਫ਼ੈਸਲੇ ਸੰਬੰਧੀ ਪਟੀਸ਼ਨਕਰਤਾ ਨੂੰ ਸੂਚਿਤ ਨਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਪਟੀਸ਼ਨਕਰਤਾ ਵਲੋਂ ਐਕਟ ਦੇ ਉਕਤ ਦੋਵੇਂ ਸੈਕਸ਼ਨਾਂ ਨੂੰ ਨਜ਼ਰਅੰਦਾਜ਼ ਕਰਕੇ ਗਮਾਡਾ ਵਲੋਂ ਜ਼ਮੀਨ ਐਕੁਆਇਰ ਕਰਨ ਲਈ ਐਵਾਰਡ ਸੁਣਾਉਣ ਦੀ ਕੀਤੀ ਜਾ ਰਹੀ ਕਾਰਵਾਈ ਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਸੀ। ਇਸ ਮਾਮਲੇ ਸੰਬੰਧੀ ਪਹਿਲਾਂ 15 ਅਤੇ ਫਿਰ 18 ਸਤੰਬਰ ਨੂੰ ਸੁਣਵਾਈ ਹੋਈ ਪਰ ਗਮਾਡਾ ਅਜਿਹਾ ਕੋਈ ਦਸਤਾਵੇਜ਼ ਅਦਾਲਤ ਵਿਚ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਇਤਰਾਜ਼ਾਂ ਦੇ ਫ਼ੈਸਲਿਆਂ ਸੰਬੰਧੀ ਪਟੀਸ਼ਨਕਰਤਾ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। ਮਾਨਯੋਗ ਅਦਾਲਤ ਵਲੋਂ ਗਮਾਡਾ ਨੂੰ ਜੁਆਬ ਦਾਖ਼ਲ ਕਰਨ ਲਈ 4 ਹਫ਼ਤੇ ਦਾ ਸਮਾਂ ਦਿੰਦਿਆਂ ਅਗਲੀ ਸੁਣਵਾਈ 27 ਅਕਤੂਬਰ ਨੂੰ ਤਹਿ ਕੀਤੀ ਗਈ ਹੈ ਅਤੇ ਉਦੋਂ ਤੱਕ ਜ਼ਮੀਨ ਗ੍ਰਹਿਣ ਕਰਨ ਦੀ ਅਗਲੇਰੀ ਕਾਰਵਾਈ ਤੇ ਰੋਕ ਲਾਏ ਜਾਣ ਦੇ ਨਿਰਦੇਸ਼ ਦਿੱਤੇ ਹਨ।