ਐੱਸ. ਏ. ਐੱਸ. ਨਗਰ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਸਥਾਨਕ ਫੇਜ਼-7 (ਵਾ. ਨੰ. 10) ਦੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਹੈ ਕਿ ਫੇਜ਼-7 ਅਤੇ ਫੇਜ਼-1 ਵਿਚਲੀ ਸਕੂਟਰ/ਮੋਟਰ ਮਾਰਕੀਟ ਨੂੰ ਨਿਰਧਾਰਤ ਸਥਾਨ ‘ਤੇ ਤਬਦੀਲ ਕੀਤਾ ਜਾਵੇ। ਇਸ ਸੰਬੰਧੀ ਕਾਹਲੋਂ ਦੀ ਅਗਵਾਈ ਹੇਠ ਵਸਨੀਕਾਂ ਦੇ ਇਕ ਵਫ਼ਦ ਵਲੋਂ ਗਮਾਡਾ ਦਫ਼ਤਰ ਵਿਖੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ‘ਤੇ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੰਗ-ਪੱਤਰ ‘ਚ ਕਿਹਾ ਗਿਆ ਹੈ ਕਿ ਫੇਜ਼-7 ਅਤੇ ਫੇਜ਼-1 ‘ਚ ਸਥਿਤ ਸਕੂਟਰ/ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਅਤੇ ਮਕੈਨਿਕਾਂ ਨੂੰ ਕਰੀਬ 1 ਸਾਲ ਪਹਿਲਾਂ ਸੈਕਟਰ -65 ਮੁਹਾਲੀ ਵਿਖੇ ਦੁਕਾਨਾਂ ਅਲਾਟ ਕਰਨ ਸੰਬੰਧੀ ਐਲ. ਓ. ਆਈ. ਜਾਰੀ ਕੀਤੇ ਗਏ ਸਨ, ਪਰ ਹੁਣ ਤੱਕ ਇਨ੍ਹਾਂ ਦੁਕਾਨਦਾਰਾਂ ਅਤੇ ਮਕੈਨਿਕਾਂ ਨੂੰ ਨਾ ਤਾਂ ਦੁਕਾਨਾਂ ਅਲਾਟ ਕੀਤੀਆਂ ਗਈਆਂ ਅਤੇ ਨਾ ਹੀ ਦੁਕਾਨਾਂ ਦਾ ਕਬਜ਼ਾ ਦਿੱਤਾ ਗਿਆ, ਜਿਸ ਕਾਰਨ ਸਕੂਟਰ/ ਮੋਟਰ ਮਾਰਕੀਟ ਨੂੰ ਤਬਦੀਲ ਕਰਨ ਦਾ ਕੰਮ ਅੱਧ ਵਿਚਾਲੇ ਹੀ ਲਟਕਿਆ ਹੋਇਆ ਹੈ। ਇਸ ਕਾਰਨ ਸਕੂਟਰ/ਮੋਟਰ ਮਾਰਕੀਟ ਦੇ ਆਲੇ-ਦੁਆਲੇ ਟ੍ਰੈਫ਼ਿਕ ਦੀ ਸਮੱਸਿਆ ਗੰਭੀਰ ਹੋ ਚੁੱਕੀ ਹੈ ਕਿਉਂਕਿ ਮਾਰਕੀਟ ‘ਚ ਥਾਂ ਦੀ ਤੰਗੀ ਹੋਣ ਕਰਕੇ ਮਕੈਨਿਕ ਸੜਕਾਂ ‘ਤੇ ਹੀ ਵਾਹਨ ਵਹੀਕਲ ਖੜ੍ਹੇ ਕਰਕੇ ਉਨ੍ਹਾਂ ਦੀ ਮੁਰੰਮਤ ਕਰਦੇ ਹਨ ਅਤੇ ਹੁਣ ਇਹ ਮਕੈਨਿਕ ਨੇੜਲੇ ਘਰਾਂ ਦੇ ਸਾਹਮਣੇ ਸੜਕਾਂ ‘ਤੇ ਆ ਕੇ ਵਾਹਨਾਂ ਦੀ ਮੁਰੰਮਤ ਕਰਨ ਲੱਗ ਹੈ ਹਨ, ਜਿਸ ਕਰਕੇ ਮੁਹੱਲਾ ਵਾਸੀਆਂ ਅਤੇ ਆਮ ਰਾਹਗੀਰਾਂ ਨੂੰ ਆਵਾਜਾਈ ਦੌਰਾਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਫੇਜ਼-7 ‘ਚ ਕਈ ਸਕੂਲ ਹਨ, ਜਿਸ ਕਰਕੇ ਸਵੇਰੇ ਸਕੂਲ ਲੱਗਣ ਅਤੇ ਦੁਪਹਿਰ ਸਮੇਂ ਬੱਚਿਆਂ ਨੂੰ ਛੁੱਟੀ ਵੇਲੇ ਜਾਮ ਦੀ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਅਤੇ ਕਈ ਵਾਰ ਆਵਾਜਾਈ ਨੂੰ ਸੁਚਾਰੂ ਕਰਨ ਲਈ ਪੁਲਿਸ ਨੂੰ ਵੀ ਸੱਦਣਾ ਪੈਂਦਾ ਹੈ। ਪੱਤਰ ‘ਚ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਸਲੇ ਬਾਬਤ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਸਕੂਟਰ/ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਅਤੇ ਮਕੈਨਿਕਾਂ ਨੂੰ ਬੂਥਾਂ ਦੇ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣ ਅਤੇ ਇਨ੍ਹਾਂ ਨੂੰ ਤੁਰੰਤ ਇਥੋਂ ਤਬਦੀਲ ਕੀਤਾ ਜਾਵੇ। ਗਮਾਡਾ ਦਫ਼ਤਰ ਵਿਖੇ ਮੰਗ-ਪੱਤਰ ਸੌਂਪਣ ਵਾਲੇ ਵਫ਼ਦ ‘ਚ ਕੌਂਸਲਰ ਕਾਹਲੋਂ ਦੇ ਨਾਲ ਸੇਵਾ-ਮੁਕਤ ਐਕਸੀਅਨ ਨਿਰਮਲਜੀਤ ਸਿੰਘ, ਨਿਰਵੈਰ ਸਿੰਘ ਅਤੇ ਅੰਕੁਸ਼ ਗੁਪਤਾ ਆਦਿ ਵੀ ਸ਼ਾਮਿਲ ਸਨ। ਕਾਹਲੋਂ ਨੇ ਦੱਸਿਆ ਕਿ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਮੰਗ-ਪੱਤਰ ਦੀਆਂ ਕਾਪੀਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਵੀ ਭੇਜੀਆਂ ਗਈਆਂ ਹਨ।