ਐੱਸ. ਏ. ਐੱਸ. ਨਗਰ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਅਤੇ ਕਰਮਚਾਰੀਆਂ ਵਲੋਂ 240 ਯੂਨਿਟ ਖ਼ੂਨਦਾਨ ਕੀਤਾ ਗਿਆ। ਜੀਵਨਸ਼ ਕਮਿਊਨਿਟੀ ਅਤੇ ਵਿਦਿਆਰਥੀ ਭਲਾਈ ਵਿਭਾਗ ਸੀ. ਜੀ. ਸੀ. ਲਾਂਡਰਾਂ ਵਲੋਂ ਰੋਟਰੀ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ ਮਾਹਿਰ ਡਾਕਟਰੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਗਿਆ। ਰੋਟਰੀ ਕਲੱਬ ਚੰਡੀਗੜ੍ਹ ਵਲੋਂ ਇਹ ਕੈਂਪ ਰੋਟਰੀ ਡਿਸਟ੍ਰਿਕਟ 3080 ਦੇ ਹਿੱਸੇ ਵਜੋਂ ਲਗਾਇਆ ਗਿਆ, ਜਿਸ ‘ਚ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਕਵਰ ਕਰਨ ਵਾਲੇ ਲਗਭਗ 140 ਕਲੱਬ ਸ਼ਾਮਿਲ ਹਨ। ਕੈਂਪ ਦੌਰਾਨ ਇਕੱਤਰ ਕੀਤੇ ਖ਼ੂਨ ਨੂੰ ਰੋਟਰੀ ਅਤੇ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ ਸੈਕਟਰ-37 ਚੰਡੀਗੜ੍ਹ ਨੂੰ ਦਿੱਤਾ ਜਾਵੇਗਾ, ਜੋ ਕਿ ਰੋਟਰੀ ਕਲੱਬ ਚੰਡੀਗੜ੍ਹ ਅਤੇ ਬਲੱਡ ਬੈਂਕ ਸੁਸਾਇਟੀ ਆਫ਼ ਚੰਡੀਗੜ੍ਹ ਦਾ ਸਾਂਝਾ ਉੱਦਮ ਹੈ। ਇਸ ਕੈਂਪ ਦਾ ਉਦਘਾਟਨ ਡਾ. ਗਗਨਦੀਪ ਭੁੱਲਰ ਡਾਇਰੈਕਟਰ ਵਿਦਿਆਰਥੀ ਭਲਾਈ ਤੇ ਸਾਬਕਾ ਵਿਦਿਆਰਥੀ ਮਾਮਲੇ, ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ, ਟੀਨਾ ਵਿਰਕ ਪ੍ਰਧਾਨ ਰੋਟਰੀ ਕਲੱਬ ਚੰਡੀਗੜ੍ਹ, ਅਰੁਣ ਅਗਰਵਾਲ ਡਾਇਰੈਕਟਰ ਕਮਿਊਨਿਟੀ ਸਰਵਿਸਿਜ਼ ਰੋਟਰੀ ਕਲੱਬ ਚੰਡੀਗੜ੍ਹ, ਸ੍ਰੀ ਸ਼੍ਰੇ ਚੇਅਰਪਰਸਨ ਰੋਟਰੀ ਕਲੱਬ ਚੰਡੀਗੜ੍ਹ/ ਜੀਵਨਸ਼ ਭਾਈਚਾਰੇ ਸੀ. ਜੀ. ਸੀ. ਲਾਂਡਰਾਂ ਅਤੇ ਸੀ. ਜੀ. ਸੀ. ਲਾਂਡਰਾਂ ਦੇ ਵਿਦਿਆਰਥੀ ਕੋਆਰਡੀਨੇਟਰਾਂ ਦੀ ਮੌਜੂਦਗੀ ‘ਚ ਕੀਤਾ ਗਿਆ। ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਡਾ. ਗਗਨਦੀਪ ਭੁੱਲਰ ਨੇ ਖ਼ੂਨਦਾਨੀਆਂ ਵਲੋਂ ਦਿਖਾਏ ਜਾ ਰਹੇ ਉਤਸ਼ਾਹ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਟੀਨਾ ਵਿਰਕ ਨੇ ਕੈਂਪ ਨੂੰ ਸੁਚਾਰੂ ਬਣਾਉਣ ਲਈ ਸੀ. ਜੀ. ਸੀ. ਲਾਂਡਰਾਂ ਦੇ ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਡਾ ਪੂਰਾ ਰੋਟਰੀ ਜ਼ਿਲ੍ਹਾ ਖ਼ੂਨਦਾਨ ਕੈਂਪ ਲਗਾਉਣ ਦੇ ਕੰਮ ‘ਚ ਜੁਟਿਆ ਹੋਇਆ ਹੈ ਕਿਉਂਕਿ ਉਸ ਵਲੋਂ ਗਿੰਨੀਜ਼ ਬੁੱਕ ਆਫ਼ ਰਿਕਾਰਡ ‘ਚ ਆਪਣਾ ਨਾਂਅ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਖ਼ੂਨਦਾਨ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ-37 ਸਥਿਤ ਰੋਟਰੀ ਅਤੇ ਬਲੱਡ ਬੈਂਕ ਰਿਸੋਰਸ ਸੈਂਟਰ ਦੀ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਸਮੇਤ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਪਲੇਟਲੈਟਸ ਅਤੇ ਬਲੱਡ ਯੂਨਿਟਾਂ ਤੱਕ ਪਹੁੰਚ ਪ੍ਰਾਪਤ ਕਰਨ ‘ਚ ਮਦਦ ਕਰਨ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ।