ਪਿੰਡ ਪੜੌਲ ਵਿਖੇ ਗੋਲੀਬਾਰੀ ਦੀ ਘਟਨਾ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਮੌਤ
ਮੁੱਲਾਂਪੁਰ ਗਰੀਬਦਾਸ, 26 ਸਤੰਬਰ (ਦਿਲਬਰ ਸਿੰਘ ਖੈਰਪੁਰ) ਪਿੰਡ ਪੜੌਲ (ਨਿਊ ਚੰਡੀਗੜ੍ਹ) ਦੇ ਮੌਜੂਦਾ ਪੰਚ ਸੁਖਵੰਤ ਸਿੰਘ ਉਰਫ਼ ਪਹਿਲਵਾਨ ਸੱਤੀ ਚਾਹਲ (38) ’ਤੇ ਬੀਤੀ ਰਾਤ ਪਿੰਡ ਦੇ ਹੀ ਕੁਝ ਨੌਜਵਾਨਾਂ ਵਲੋਂ ਗੋਲੀਆਂ ਚਲਾ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਗੰਭੀਰ ਜ਼ਖ਼ਮੀ ਹਾਲਤ ‘ਚ ਸੱਤੀ ਚਾਹਲ ਨੂੰ ਇਲਾਜ ਲਈ ਪੀ.
ਮੁੱਲਾਂਪੁਰ ਗਰੀਬਦਾਸ, 26 ਸਤੰਬਰ (ਦਿਲਬਰ ਸਿੰਘ ਖੈਰਪੁਰ) ਪਿੰਡ ਪੜੌਲ (ਨਿਊ ਚੰਡੀਗੜ੍ਹ) ਦੇ ਮੌਜੂਦਾ ਪੰਚ ਸੁਖਵੰਤ ਸਿੰਘ ਉਰਫ਼ ਪਹਿਲਵਾਨ ਸੱਤੀ ਚਾਹਲ (38) ’ਤੇ ਬੀਤੀ ਰਾਤ ਪਿੰਡ ਦੇ ਹੀ ਕੁਝ ਨੌਜਵਾਨਾਂ ਵਲੋਂ ਗੋਲੀਆਂ ਚਲਾ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਗੰਭੀਰ ਜ਼ਖ਼ਮੀ ਹਾਲਤ ‘ਚ ਸੱਤੀ ਚਾਹਲ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਕਿ ਅੱਜ ਉਸ ਨੇ ਦਮ ਤੋੜ ਦਿੱਤਾ। ਹਾਸਿਲ ਜਾਣਕਾਰੀ ਅਨੁਸਾਰ ਘਟਨਾ ਦੌਰਾਨ ਸੱਤੀ ਚਾਹਲ ਦੇ ਪੰਜ ਗੋਲੀਆਂ ਲੱਗੀਆਂ ਸਨ। ਪੀ. ਜੀ. ਆਈ. ਵਿਖੇ ਉਸ ਦਾ ਇਲਾਜ ਚੱਲ ਰਿਹਾ ਸੀ, ਪਰ ਅੱਜ ਤੜਕੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਤ ਦੇ ਮੂੰਹ ਜਾ ਪਿਆ। ਪੁਲਿਸ ਦੀ ਕਥਿਤ ਮੁਲਜ਼ਮਾਂ ਖ਼ਿਲਾਫ਼ ਢਿੱਲੀ ਕਾਰਵਾਈ ਤੋਂ ਖਫ਼ਾ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਬਾਅਦ ਦੁਪਹਿਰ ਚੰਡੀਗੜ੍ਹ ਰੋਡ ‘ਤੇ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ ਗਈ। ਧਰਨੇ ਦੀ ਖ਼ਬਰ ਮਿਲਦਿਆਂ ਹੀ ਜਿਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਮੌਕੇ ‘ਤੇ ਪੁੱਜ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ, ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋੀ ਵੀ ਮੌਕੇ ‘ਤੇ ਪਹੁੰਚ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰੀ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਗੋਲਡੀ ਨੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲਣ ਦਾ ਭਰੋਸਾ ਦਿੱਤਾ। ਮੌਕੇ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਫ਼ਰਾਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਪੁਲਿਸ ਵਲੋਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਦਬੋਚ ਲਿਆ ਜਾਵੇਗਾ। ਪਰਿਵਾਰ ਅਨੁਸਾਰ ਮ੍ਰਿਤਕ ਦੇਹ ਦਾ ਸਸਕਾਰ ਅੱਜ 27 ਸਤੰਬਰ ਨੂੰ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਇਹ ਮਾਮਲਾ ਆਪਸੀ ਰੰਜਿਸ਼ ਦਾ ਸਿੱਟਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਵਲੋਂ ਸੱਤੀ ਚਾਹਲ ਦੇ ਪਰਿਵਾਰ ਨਾਲ ਸੰਬੰਧਿਤ ਇਕ ਲੜਕੀ ਨਾਲ ਕਥਿਤ ਤੌਰ ‘ਤੇ ਛੇੜਛਾੜ ਕੀਤੀ ਗਈ ਸੀ। ਸੱਤੀ ਚਾਹਲ ਵਲੋਂ ਉਕਤ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਗਿਆ ਸੀ, ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਰੰਜਿਸ਼ ਚੱਲ ਰਹੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਪਿੰਡ ਪੜੌਲ ਦੇ ਰਹਿਣ ਵਾਲੇ ਜੱਸੂ ਅਤੇ ਦਵਿੰਦਰ ਵਲੋਂ ਸੱਤੀ ਚਾਹਲ ‘ਤੇ ਗੋਲੀਆਂ ਚਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੇ ਤੱਥ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ। ਜ਼ਿਰਕਯੋਗ ਹੈ ਕਿ ਸੱਤੀ ਚਾਹਲ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਦਾ ਕਾਰੋਬਾਰ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਉਹ ਪਹਿਲਵਾਨੀ ਵੀ ਕਰਦਾ ਰਿਹਾ। ਉਸ ਦੀ ਮੌਤ ਦੀ ਖ਼ਬਰ ਫੈਲਣ ਤੋਂ ਬਾਅਦ ਪਿੰਡ ਪੜੌਲ ਅਤੇ ਆਸ-ਪਾਸ ਦੇ ਇਲਾਕੇ ‘ਚ ਸੋਗ ਦੇ ਨਾਲ-ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।