ਖਰੜ ਸ਼ਹਿਰ ਵਿਚ ਵਿਗੜਦੀ ਟ੍ਰੈਫ਼ਿਕ ਵਿਵਸਥਾ ਕਾਰਨ ਵਪਾਰੀਆਂ , ਕਿਸਾਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ
ਖਰੜ, 23 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਵਿਚ ਦਿਨ-ਪ੍ਰਤੀਦਿਨ ਵਿਗੜਦੀ ਜਾ ਰਹੀ ਟ੍ਰੈਫ਼ਿਕ ਵਿਵਸਥਾ ਨੇ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਕਾਫ਼ੀ ਵਧਾ ਦਿੱਤੀਆਂ ਹਨ। ਲਾਂਡਰਾ ਰੋਡ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਲਗਾਤਾਰ ਲੱਗਣ ਵਾਲੇ ਆਵਾਜ਼ਾਈ ਜਾਮ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ ਅਤੇ ਗਾਹਕਾਂ ਦੀ ਆਮਦ ਪ੍ਰਭਾਵਿਤ ਹੋ ਰਹੀ ਹੈ।
ਖਰੜ, 23 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਵਿਚ ਦਿਨ-ਪ੍ਰਤੀਦਿਨ ਵਿਗੜਦੀ ਜਾ ਰਹੀ ਟ੍ਰੈਫ਼ਿਕ ਵਿਵਸਥਾ ਨੇ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਕਾਫ਼ੀ ਵਧਾ ਦਿੱਤੀਆਂ ਹਨ। ਲਾਂਡਰਾ ਰੋਡ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਲਗਾਤਾਰ ਲੱਗਣ ਵਾਲੇ ਆਵਾਜ਼ਾਈ ਜਾਮ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ ਅਤੇ ਗਾਹਕਾਂ ਦੀ ਆਮਦ ਪ੍ਰਭਾਵਿਤ ਹੋ ਰਹੀ ਹੈ। ਸੜਕਾਂ ਦੇ ਦੋਵੇਂ ਪਾਸੇ ਲੋਕਾਂ ਵਲੋਂ ਆਪਣੀਆਂ ਕਾਰਾਂ ਖੜ੍ਹੀਆਂ ਕਰਕੇ ਚਲੇ ਜਾਣ ਕਾਰਨ ਸੜਕ ਦੀ ਉਪਲੱਬਧ ਜਗਾਂ ਹੋਰ ਘੱਟ ਜਾਂਦੀ ਹੈ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਝੋਨੇ ਦੇ ਸੀਜ਼ਨ ਵਿਚ ਟਰੈਕਟਰ-ਟਰਾਲੀਆਂ ਲਈ ਸੁਰੱਖਿਅਤ ਰਸਤਾ ਜ਼ਰੂਰੀ ਆਉਣ ਵਾਲੇ ਦੋ ਮਹੀਨੇ ਆਵਾਜ਼ਾਈ ਦੇ ਪੱਖੋਂ ਬਹੁਤ ਮਹੱਤਵਪੂਰਨ ਹਨ। ਝੋਨੇ ਦੀ ਕਟਾਈ ਅਤੇ ਮੰਡੀ ਵਿਚ ਫ਼ਸਲ ਦੀ ਆਮਦ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਆਪਣੀ ਫ਼ਸਲ ਅਨਾਜ ਮੰਡੀ ਤੱਕ ਲੈ ਕੇ ਆਉਣਗੇ। ਇਸ ਸੰਬੰਧੀ ਅਨਾਜ ਮੰਡੀ ਖਰੜ ਦੇ ਆੜ੍ਹਤੀ ਸੁਨੀਲ ਕੁਮਾਰ ਨੀਟੂ ਨੇ ਕਿਹਾ ਕਿ ਝੋਨੇ ਦੀ ਆਮਦ ਦੇ ਦੌਰਾਨ ਵੱਡੀ ਗਿਣਤੀ ਵਿਚ ਟਰੈਕਟਰ-ਟਰਾਲੀਆਂ ਮੰਡੀ ਵਿਚ ਪਹੁੰਚਣਗੀਆਂ। ਇਹ ਵਾਹਨ ਆਕਾਰ ਅਤੇ ਭਾਰ ਵਿਚ ਵੱਡੇ ਹੁੰਦੇ ਹਨ, ਇਸ ਲਈ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਤੱਕ ਲਿਆਉਣ ਲਈ ਸੁਰੱਖਿਅਤ, ਸੁਚੱਜਾ ਅਤੇ ਨਿਰਵਿਘਨ ਰਸਤਾ ਮਿਲਣਾ ਬਹੁਤ ਜ਼ਰੂਰੀ ਹੈ। ਵਪਾਰੀਆਂ ਅਤੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਖਰੜ ਸ਼ਹਿਰ ਵਿਚ ਲੋੜੀਂਦੀ ਟ੍ਰੈਫ਼ਿਕ ਪੁਲਿਸ ਫੋਰਸ ਤੁਰੰਤ ਉਪਲੱਬਧ ਕਰਵਾਈ ਜਾਵੇ ਅਤੇ ਝੋਨੇ ਦੇ ਸੀਜ਼ਨ ਅਤੇ ਦੀਵਾਲੀ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਟ੍ਰੈਫ਼ਿਕ ਪਲਾਨ ਲਾਗੂ ਕੀਤਾ ਜਾਵੇ।