ਐੱਸ. ਏ. ਐੱਸ. ਨਗਰ, 29 ਸਤੰਬਰ (ਕਪਿਲ ਵਧਵਾ)- ਸੈਕਟਰ-99 ਵਿਚ ਕਿਰਾਏ ਦੇ ਫਲੈਟ ’ਚ ਰਹਿ ਰਹੇ 35 ਸਾਲਾ ਕਾਰੋਬਾਰੀ ਮਨਪ੍ਰੀਤ ਸਿੰਘ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਹਰਿਆਣਾ ਦੇ ਸ਼ਾਹਬਾਦ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੁਰਦਾਘਰ ਵਿਚ ਰਖਵਾ ਦਿੱਤੀ ਹੈ। ਪੁਲਿਸ ਅਨੁਸਾਰ ਸੋਮਵਾਰ ਰਾਤ ਮਨਪ੍ਰੀਤ ਆਪਣੇ ਦੋਸਤ ਨਾਲ ਖਾਣਾ ਖਾ ਕੇ ਫਲੈਟ ’ਤੇ ਵਾਪਸ ਆਇਆ ਸੀ। ਇਸ ਤੋਂ ਬਾਅਦ ਦੋਵੇਂ ਆਪਣੇ-ਆਪਣੇ ਕਮਰਿਆਂ ਵਿਚ ਸੌਣ ਚਲੇ ਗਏ। ਮਨਪ੍ਰੀਤ ਨੇ ਦੋਸਤ ਨੂੰ ਸਵੇਰੇ ਨਾ ਜਗਾਉਣ ਲਈ ਕਿਹਾ ਸੀ। ਮੰਗਲਵਾਰ ਸਵੇਰੇ ਘਰੇਲੂ ਕੰਮ ਕਰਨ ਵਾਲੀ ਔਰਤ ਦੇ ਆਉਣ ’ਤੇ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਦੋਸਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਮਨਪ੍ਰੀਤ ਮ੍ਰਿਤਕ ਪਿਆ ਸੀ ਅਤੇ ਬੈੱਡ ’ਤੇ ਖੂਨ ਪਿਆ ਹੋਇਆ ਸੀ। ਉਸ ਦੀ ਲਾਇਸੈਂਸੀ ਪਿਸਤੌਲ ਵੀ ਨੇੜੇ ਪਈ ਮਿਲੀ। ਮਨਪ੍ਰੀਤ ਵਿਆਹਿਆ ਹੋਇਆ ਸੀ ਅਤੇ ਉਸ ਦਾ ਇਕ ਪੁੱਤਰ ਹੈ। ਪਰਿਵਾਰ ਸ਼ਾਹਬਾਦ ਵਿਚ ਰਹਿੰਦਾ ਹੈ। ਉਹ ਏਅਰ ਟਿਕਟਿੰਗ ਤੇ ਟੂਰ ਐਂਡ ਟਰੈਵਲ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਸੰਗੀਤ ਨਾਲ ਸੰਬੰਧਿਤ ਕੰਮ ਵੀ ਕਰਦਾ ਸੀ। ਦੱਸਿਆ ਗਿਆ ਹੈ ਕਿ ਉਹ ਕਰੀਬ ਇਕ ਹਫ਼ਤਾ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਪਰਿਵਾਰ ਅਤੇ ਜਾਣਕਾਰਾਂ ਤੋਂ ਪੁੱਛਗਿੱਛ ਕਰਕੇ ਜਾਂਚ ਕੀਤੀ ਜਾ ਰਹੀ ਹੈ।