-ਮਾਮਲਾ ਜਾਅਲੀ ਐੱਨ.ਓ.ਸੀ. ਨਾਲ ਹੋਈਆਂ ਰਜਿਸਟਰੀਆਂ ਦਾ-
ਜਾਅਲੀ ਐੱਨ . ਓ . ਸੀ . ਵਾਲੀਆਂ ਰਜਿਸਟਰੀਆਂ ਲਈ ਸਰਕਾਰੀ ਫੀਸ ਭਰ ਕੇ ਲੈਣੀ ਪਵੇਗੀ ਅਸਲ ਐੱਨ . ਓ . ਸੀ .
ਡੇਰਾਬੱਸੀ, 6 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਤਹਿਸੀਲ ਵਿਚ ਜਾਅਲੀ ਐੱਨ. ਓ.
ਡੇਰਾਬੱਸੀ, 6 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਤਹਿਸੀਲ ਵਿਚ ਜਾਅਲੀ ਐੱਨ.ਓ.ਸੀ. ਦੇ ਆਧਾਰ ’ਤੇ ਕਰਵਾਈਆਂ ਗਈਆਂ ਕਰੀਬ 175 ਰਜਿਸਟਰੀਆਂ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਜਾਇਦਾਦਾਂ ਦੇ ਮਾਲਕਾਂ ਲਈ ਮੁਸ਼ਕਿਲਾਂ ਵਧ ਗਈਆ ਹੁਣ ਹਨ। ਨਗਰ ਕੌਂਸਲ ਡੇਰਾਬੱਸੀ ਵਲੋਂ ਜਾਅਲੀ ਐੱਨ.ਓ.ਸੀ. ਦੇ ਆਧਾਰ ’ਤੇ ਰਜਿਸਟਰੀ ਕਰਵਾਈਆਂ ਗਈਆਂ ਜਾਇਦਾਦਾਂ ਦੇ ਇਮਾਰਤੀ ਨਕਸ਼ੇ ਪਾਸ ਨਹੀਂ ਕੀਤੇ ਜਾ ਰਹੇ। ਇਨ੍ਹਾਂ ਜਾਇਦਾਦ ਮਾਲਕਾਂ ਨੂੰ ਪਹਿਲਾਂ ਬਣਦੀ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਅਸਲ ਐੱਨ. ਓ. ਸੀ. ਲੈਣੀ ਪਵੇਗੀ। ਇਸ ਮਾਮਲੇ ਵਿਚ ਪੁਲਿਸ ਵਲੋਂ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 6 ਵਿਅਕਤੀਆਂ ਨੂੰ ਜੇਲ੍ਹ ਜਾਣਾ ਪਿਆ, ਜਦਕਿ ਇਕ ਵਿਅਕਤੀ ਦਾ ਨਾਂਅ ਜਾਂਚ ਦੌਰਾਨ ਬਾਹਰ ਕੱਢ ਦਿੱਤਾ ਗਿਆ ਅਤੇ ਇਕ ਨੂੰ ਬਾਹਰੋਂ ਹੀ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਦੀ ਰਫ਼ਤਾਰ ਮੱਠੀ ਪੈਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਜਾਅਲੀ ਐੱਨ. ਓ. ਸੀ. ਰਾਹੀਂ ਹੋਈਆਂ ਇਨ੍ਹਾਂ ਰਜਿਸਟਰੀਆਂ ਕਾਰਨ ਨਗਰ ਕੌਂਸਲ ਨੂੰ ਵੀ ਕਰੋੜਾਂ ਰੁ. ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਸੀ। ਨਿਯਮਾਂ ਅਨੁਸਾਰ ਰਜਿਸਟਰੀ ਲਈ ਐੱਨ. ਓ. ਸੀ. ਨਗਰ ਕੌਂਸਲ ਤੋਂ ਬਣਦੀ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਜਾਰੀ ਕਰਵਾਉਣੀ ਹੁੰਦੀ ਹੈ। ਕੁਝ ਲੋਕਾਂ ਨੇ ਸਰਕਾਰੀ ਫੀਸ ਜਮ੍ਹਾਂ ਕਰਵਾਉਣ ਦੀ ਬਜਾਏ 10 ਤੋਂ 70 ਹਜ਼ਾਰ ਰੁ. ਖਰਚ ਕਰਕੇ ਜਾਅਲੀ ਐੱਨ. ਓ. ਸੀ. ਤਿਆਰ ਕਰਵਾ ਲਈਆਂ ਅਤੇ ਉਨ੍ਹਾਂ ਦੇ ਆਧਾਰ ’ਤੇ ਰਜਿਸਟਰੀਆਂ ਕਰਵਾ ਲਈਆਂ। ਇਸ ਘਪਲੇ ਦਾ ਖੁਲਾਸਾ ਡੇਰਾਬੱਸੀ ਵਾਸੀ ਸੁਮੀਤ ਗੁਪਤਾ ਦੇ ਹੱਥ ਪਿੰਡ ਬਾਕਰਪੁਰ ਦੀ ਇਕ ਕਾਲੋਨੀ ਦੇ ਪਲਾਟ ਦੀ ਰਜਿਸਟਰੀ ਵਿਚ ਲੱਗੀ ਜਾਅਲੀ ਐੱਨ. ਓ. ਸੀ. ਆਉਣ ਤੋਂ ਬਾਅਦ ਹੋਇਆ ਸੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਨੇ ਦੱਸਿਆ ਕਿ ਜਾਅਲੀ ਐੱਨ. ਓ. ਸੀ. ਨਾਲ ਰਜਿਸਟਰੀ ਕਰਵਾਈ ਜਾਇਦਾਦ ਦਾ ਨਕਸ਼ਾ ਉਦੋਂ ਤੱਕ ਪਾਸ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਸੰਬੰਧਿਤ ਵਿਅਕਤੀ ਬਣਦੀ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਅਸਲ ਐੱਨ. ਓ. ਸੀ. ਪ੍ਰਾਪਤ ਨਹੀਂ ਕਰ ਲੈਂਦਾ। ਉਨ੍ਹਾਂ ਦੱਸਿਆ ਕਿ 100 ਗਜ਼ ਦੇ ਪਲਾਟ ਲਈ ਐੱਨ. ਓ. ਸੀ. ਦੀ ਫੀਸ ਕਰੀਬ 84,500 ਰੁ. ਬਣਦੀ ਹੈ, ਜਦਕਿ ਕੁਝ ਸ਼ੋਅਰੂਮਾ ਦੀ ਫੀਸ ਲੱਖਾਂ ਰੁ. ਤੱਕ ਬਣਦੀ ਹੈ।