ਪੰਜਾਬ ਯੂਨੀਵਰਸਿਟੀ ਕੈਂਪਸ ’ਚ ਸਿੰਗਲ-ਯੂਜ਼ ਪਲਾਸਟਿਕ ਤੇ ਡਿਸਪੋਜ਼ੇਬਲ ਪਲਾਸਟਿਕ ’ਤੇ ਲਗਾਈ ਪਾਬੰਦੀ
ਚੰਡੀਗੜ੍ਹ,7 ਅਕਤੂਬਰ (ਮਾਰਕੰਡਾ)-ਚੰਡੀਗੜ੍ਹ ਪ੍ਰਸ਼ਾਸਨ ਦੇ ਵਾਤਾਵਰਨ ਵਿਭਾਗ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਸਿੰਗਲ-ਯੂਜ਼ ਪਲਾਸਟਿਕ ਅਤੇ ਡਿਸਪੋਜ਼ੇਬਲ ਪਲਾਸਟਿਕ ਕੱਪਾਂ ’ਤੇ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਜਥੇਬੰਦੀ ‘ਸੱਥ’ ਵਲੋਂ ਇਹ ਮਸਲਾ ਪਹਿਲਾਂ ਹੀ 12 ਮਈ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਧਿਆਨ ਵਿਚ ਲਿਆਂਦਾ ਗਿਆ ਸੀ।
ਚੰਡੀਗੜ੍ਹ,7 ਅਕਤੂਬਰ (ਮਾਰਕੰਡਾ)-ਚੰਡੀਗੜ੍ਹ ਪ੍ਰਸ਼ਾਸਨ ਦੇ ਵਾਤਾਵਰਨ ਵਿਭਾਗ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਸਿੰਗਲ-ਯੂਜ਼ ਪਲਾਸਟਿਕ ਅਤੇ ਡਿਸਪੋਜ਼ੇਬਲ ਪਲਾਸਟਿਕ ਕੱਪਾਂ ’ਤੇ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਜਥੇਬੰਦੀ ‘ਸੱਥ’ ਵਲੋਂ ਇਹ ਮਸਲਾ ਪਹਿਲਾਂ ਹੀ 12 ਮਈ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਧਿਆਨ ਵਿਚ ਲਿਆਂਦਾ ਗਿਆ ਸੀ। ‘ਸੱਥ’ ਵਲੋਂ ਪੰਜਾਬ ਯੂਨੀਵਰਸਿਟੀ ਦੇ ਪੂਰੇ ਕੈਂਪਸ ਵਿਚ ਸਿੰਗਲ-ਯੂਜ਼ ਅਤੇ ਡਿਸਪੋਜ਼ੇਬਲ ਕੱਪਾਂ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ, ਕਿਉਂਕਿ ਪਲਾਸਟਿਕ ਅਤੇ ਹੋਰ ਹਾਨੀਕਾਰਕ ਰਸਾਇਣਾਂ ਵਾਲੇ ਇਹ ਕੱਪ ਵਾਤਾਵਰਨ ਅਤੇ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ‘ਸੱਥ’ ਵਲੋਂ ਉਠਾਈ ਗਈ ਇਸ ਮੰਗ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮਈ ਵਿਚ ਕੈਂਪਸ ਅੰਦਰ ਅਜਿਹੇ ਕੱਪਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਸੀ। ਹੁਣ ਯੂ.ਟੀ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਤਾਜ਼ਾ ਨਿਰਦੇਸ਼ਾਂ ਰਾਹੀਂ ਇਸ ਪਾਬੰਦੀ ਨੂੰ ਪੂਰੇ ਯੂਨੀਵਰਸਿਟੀ ਕੈਂਪਸ ਵਿਚ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਯੂਨੀਵਰਸਿਟੀ ਦੀਆਂ ਸਾਰੀਆਂ ਮੈੱਸਾਂ, ਕੰਟੀਨਾਂ, ਦੁਕਾਨਾਂ, ਵਿਭਾਗਾਂ ਅਤੇ ਯੂਨੀਵਰਸਿਟੀ ਪਰਿਸਰ ਵਿਚ ਚੱਲ ਰਹੀਆਂ ਹੋਰ ਸਾਰੀਆਂ ਸੰਸਥਾਵਾਂ ਅਤੇ ਅਦਾਰਿਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਜੇਕਰ ਕਿਸੇ ਵੀ ਥਾਂ ’ਤੇ ਇਸ ਪਾਬੰਦੀ ਦੀ ਉਲੰਘਣਾ ਪਾਈ ਜਾਂਦੀ ਹੈ, ਤਾਂ ਸੱਥ ਵਲੋਂ ਅਜਿਹੇ ਮੈੱਸਾਂ, ਕੰਟੀਨਾਂ, ਦੁਕਾਨਾਂ, ਵਿਭਾਗਾਂ ਅਤੇ ਯੂਨੀਵਰਸਿਟੀ ਪਰਿਸਰ ਵਿਚ ਚੱਲ ਰਹੀਆਂ ਹੋਰ ਸਾਰੀਆਂ ਸੰਸਥਾਵਾਂ ਉੱਤੇ ਰੇਡ ਕਰਵਾਈ ਜਾਵੇਗੀ ਅਤੇ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ।