ਐੱਸ. ਏ. ਐੱਸ. ਨਗਰ, 7 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਦੌਰਾਨ ਯੂਨੀਵਰਸਿਟੀ ਦੀ ਲੜਕੀਆਂ ਦੀ ਵਾਲੀਬਾਲ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ‘ਚ ਪਹਿਲਾ ਸਥਾਨ ਹਾਸਿਲ ਕਰਕੇ ਚੈਂਪੀਅਨ ਦਾ ਖ਼ਿਤਾਬ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਕਈ ਐਥਲੀਟਾਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਆਤ-ਬਾਹਰਾ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਕਰਮਵੀਰ ਸਿੰਘ ਨੇ ਦੱਸਿਆ ਕਿ ਵਿਅਕਤੀਗਤ ਮੁਕਾਬਲਿਆਂ ‘ਚ ਕਰਨ ਨੇ ਅੰਡਰ-21 ਉਮਰ ਵਰਗ ਦੌਰਾਨ ਲੰਬੀ ਛਾਲ ‘ਚ ਅਤੇ ਸਹਿਜ ਨੇ ਅੰਡਰ-21 ਉਮਰ ਵਰਗ ਦੌਰਾਨ ਉੱਚੀ ਛਾਲ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਅਰਮਾਨ ਤੇ ਨਿਕਿਤਾ ਨੇ ਅੰਡਰ-21 ਉਮਰ ਵਰਗ ਦੌਰਾਨ ਲੰਬੀ ਛਾਲ ‘ਚ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਗੁਰਹਰਮਨ ਕੌਰ ਨੇ ਅੰਡਰ-21 ਉਮਰ ਵਰਗ ਦੌਰਾਨ 400 ਮੀਟਰ ਦੌੜ ‘ਚ ਦੂਜਾ ਸਥਾਨ, ਸੁਖਪ੍ਰੀਤ ਨੇ ਅੰਡਰ-21 ਉਮਰ ਵਰਗ ਦੌਰਾਨ ਉੱਚੀ ਛਾਲ ‘ਚ ਦੂਜਾ ਸਥਾਨ ਅਤੇ ਸਪਿੰਦਰ ਨੇ ਅੰਡਰ-21 ਉਮਰ ਵਰਗ ਦੌਰਾਨ ਉੱਚੀ ਛਾਲ ‘ਚ ਤੀਜਾ ਸਥਾਨ ਪ੍ਰਾਪਤ ਕਰਦਿਆਂ ਯੂਨੀਵਰਸਿਟੀ ਲਈ ਨਾਮਣਾ ਖੱਟਿਆ ਹੈ। ਇਸੇ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਖਿਡਾਰੀਆਂ ਦੀ ਲਗਾਤਾਰ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਨਾਲ-ਨਾਲ ਯੂਨੀਵਰਸਿਟੀ ਵਲੋਂ ਮੁਹੱਈਆ ਕਰਵਾਈ ਜਾ ਰਹੀ ਨਿਯਮਿਤ ਸਿਖਲਾਈ ਅਤੇ ਖੇਡ ਸਹੂਲਤਾਂ ਦਾ ਨਤੀਜਾ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਰਿਆਤ-ਬਾਹਰਾ ਯੂਨੀਵਰਸਿਟੀ ਦੇ ਖਿਡਾਰੀ ਰਾਜ ਪੱਧਰੀ ਮੁਕਾਬਲਿਆਂ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਦਾ ਨਾਂਅ ਹੋਰ ਉੱਚਾ ਕਰਨਗੇ।