ਏ . ਟੀ . ਐੱਮ . ਕਾਰਡ ਬਦਲ ਕੇ ਠੱਗੀ ਮਾਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ , 70 ਦੇ ਕਰੀਬ ਏ . ਟੀ . ਐੱਮ . ਕਾਰਡ ਬਰਾਮਦ
ਪੰਚਕੂਲਾ, 15 ਅਕਤੂਬਰ (ਕਪਿਲ)-ਪੰਚਕੂਲਾ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਏ. ਟੀ.
ਪੰਚਕੂਲਾ, 15 ਅਕਤੂਬਰ (ਕਪਿਲ)-ਪੰਚਕੂਲਾ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਏ.ਟੀ.ਐੱਮ. ਕਾਰਡ ਬਦਲ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਾਸ ਤੌਰ ‘ਤੇ ਬਜ਼ੁਰਗਾਂ ਅਤੇ ਏ. ਟੀ. ਐੱਮ. ਚਲਾਉਣ ਤੋਂ ਅਣਜਾਣ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਹ ਲੋਕਾਂ ਨੂੰ ਗੱਲਾਂ ਵਿਚ ਉਲਝਾ ਕੇ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਬਦਲ ਲੈਂਦੇ ਸਨ ਅਤੇ ਪਿੰਨ ਨੰਬਰ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾ ਲੈਂਦੇ ਸਨ। ਸਾਈਬਰ ਕ੍ਰਾਈਮ ਥਾਣੇ ਦੇ ਜਾਂਚ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਲਗਭਗ 70 ਏ. ਟੀ. ਐੱਮ. ਕਾਰਡ ਅਤੇ ਇਕ ਮਸ਼ੀਨ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਿਛਲੇ ਦੋ ਮਹੀਨਿਆਂ ਤੋਂ ਇਸ ਤਰ੍ਹਾਂ ਦੀਆਂ ਠੱਗੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਜਾਂਚ ਅਧਿਕਾਰੀ ਅਨੁਸਾਰ, ਮੁਲਜ਼ਮ ਏ. ਟੀ. ਐੱਮ. ਮਸ਼ੀਨਾਂ ਕੋਲ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਜਿਨ੍ਹਾਂ ਨੂੰ ਏ. ਟੀ. ਐੱਮ. ਚਲਾਉਣਾ ਨਹੀਂ ਆਉਂਦਾ ਸੀ ਜਾਂ ਜੋ ਆਪਣਾ ਕਾਰਡ ਮਸ਼ੀਨ ਕੋਲ ਭੁੱਲ ਜਾਂਦੇ ਸਨ। ਇਸ ਦੌਰਾਨ ਉਹ ਚਲਾਕੀ ਨਾਲ ਕਾਰਡ ਬਦਲ ਲੈਂਦੇ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਪਿੰਨ ਨੰਬਰ ਹਾਸਿਲ ਕਰਕੇ ਸੰਬੰਧਿਤ ਵਿਅਕਤੀ ਦੇ ਬੈਂਕ ਖਾਤੇ ਵਿਚੋਂ ਪੈਸੇ ਕਢਵਾ ਲੈਂਦੇ ਸਨ। ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰਕੇ ਇਸ ਮਾਮਲੇ ਵਿਚ ਹੋਰ ਖੁਲਾਸੇ ਕੀਤੇ ਜਾ ਸਕਣ ਅਤੇ ਵਾਧੂ ਬਰਾਮਦਗੀ ਕੀਤੀ ਜਾ ਸਕੇ।