ਬਜ਼ੁਰਗ ਔਰਤ ਦੀ ਸੋਨੇ ਦੀ ਵਾਲੀ ਝਪਟ ਕੇ ਮੋਟਰਸਾਈਕਲ ਸਵਾਰ ਫ਼ਰਾਰ
ਜ਼ੀਰਕਪੁਰ, 16 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਦੇ ਸੈਣੀ ਵਿਹਾਰ ਫੇਜ਼-3 ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਵੀਰਵਾਰ ਦੇਰ ਸ਼ਾਮ ਹਰਮਿਲਾਪ ਨਗਰ ਰੇਲਵੇ ਕਰਾਸਿੰਗ ਨੇੜੇ ਸੋਨੇ ਦੀ ਵਾਲੀ ਝਪਟ ਲਈ ਗਈ। ਵਾਰਦਾਤ ਸਮੇਂ ਔਰਤ ਆਪਣੀ ਪੋਤੀ ਨਾਲ ਮੰਦਰ ਤੋਂ ਘਰ ਪਰਤ ਰਹੀ ਸੀ।
ਜ਼ੀਰਕਪੁਰ, 16 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਦੇ ਸੈਣੀ ਵਿਹਾਰ ਫੇਜ਼-3 ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਵੀਰਵਾਰ ਦੇਰ ਸ਼ਾਮ ਹਰਮਿਲਾਪ ਨਗਰ ਰੇਲਵੇ ਕਰਾਸਿੰਗ ਨੇੜੇ ਸੋਨੇ ਦੀ ਵਾਲੀ ਝਪਟ ਲਈ ਗਈ। ਵਾਰਦਾਤ ਸਮੇਂ ਔਰਤ ਆਪਣੀ ਪੋਤੀ ਨਾਲ ਮੰਦਰ ਤੋਂ ਘਰ ਪਰਤ ਰਹੀ ਸੀ। ਝਪਟੀ ਗਈ ਸੋਨੇ ਦੀ ਵਾਲੀ ਦੀ ਕੀਮਤ ਕਰੀਬ 70 ਹਜ਼ਾਰ ਰੁ. ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਔਰਤ ਪਵਿੱਤਰਾ ਨੇਗੀ ਨੇ ਦੱਸਿਆ ਕਿ ਉਹ ਵੀਰਵਾਰ ਦੇਰ ਸ਼ਾਮ ਆਪਣੀ ਪੋਤੀ ਨਾਲ ਮੰਦਰ ਤੋਂ ਘਰ ਵਾਪਸ ਆ ਰਹੀ ਸੀ। ਜਦੋਂ ਉਹ ਹਰਮਿਲਾਪ ਨਗਰ ਰੇਲਵੇ ਕਰਾਸਿੰਗ ਨੇੜੇ ਪਹੁੰਚੀਆਂ, ਤਾਂ ਮੋਟਰਸਾਈਕਲ ਸਵਾਰ ਇਕ ਨੌਜਵਾਨ ਅਚਾਨਕ ਉਨ੍ਹਾਂ ਦੇ ਕੋਲ ਆਇਆ ਅਤੇ ਕੰਨ ਵਿਚ ਪਾਈ ਸੋਨੇ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਿਆ। ਅਚਾਨਕ ਵਾਪਰੀ ਇਸ ਘਟਨਾ ਕਾਰਨ ਉਹ ਘਬਰਾ ਗਈ ਅਤੇ ਮੁਲਜ਼ਮ ਨੂੰ ਫੜਨ ਜਾਂ ਉਸ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰਨ ਵਿਚ ਅਸਫਲ ਰਹੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਬਲਟਾਣਾ ਪੁਲਿਸ ਚੌਕੀ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲ ਗਈ ਹੈ। ਪੁਲਿਸ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।