ਨੱਗਲ ਗੜ੍ਹੀਆਂ ’ ਚ ਖ਼ਤਰਨਾਕ ਕੁੱਤਿਆਂ ਦੇ ਹਮਲੇ ਵਿਚ 65 ਸਾਲਾ ਵਿਅਕਤੀ ਦੀ ਮੌਤ ਪੁਲਿਸ ਵਲੋਂ ਫਾਰਮ ਮਾਲਕ ਖ਼ਿਲਾਫ਼ ਕੇਸ ਦਰਜ
ਕੁਰਾਲੀ, 22 ਅਕਤੂਬਰ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਨੇੜਲੇ ਪਿੰਡ ਨੱਗਲ ਗੜ੍ਹੀਆਂ ਵਿਖੇ ਇਕ ਫਾਰਮ ਹਾਊਸ ਵਿਚ ਪਾਲੇ ਖ਼ਤਰਨਾਕ ਨਸਲ ਦੇ ਕੁੱਤਿਆਂ ਵਲੋਂ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤੇ ਗਏ 65 ਸਾਲਾ ਵਿਅਕਤੀ ਦੀ ਪੀ. ਜੀ.
ਕੁਰਾਲੀ, 22 ਅਕਤੂਬਰ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਨੇੜਲੇ ਪਿੰਡ ਨੱਗਲ ਗੜ੍ਹੀਆਂ ਵਿਖੇ ਇਕ ਫਾਰਮ ਹਾਊਸ ਵਿਚ ਪਾਲੇ ਖ਼ਤਰਨਾਕ ਨਸਲ ਦੇ ਕੁੱਤਿਆਂ ਵਲੋਂ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤੇ ਗਏ 65 ਸਾਲਾ ਵਿਅਕਤੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਦਰ ਕੁਰਾਲੀ ਦੀ ਪੁਲਿਸ ਨੇ ਫਾਰਮ ਹਾਊਸ ਦੇ ਮਾਲਕ ਗੁਰਇਕਬਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਨੱਗਲ ਗੜ੍ਹੀਆਂ ਦੇ ਵਸਨੀਕ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਸੁਰਮੁੱਖ ਸਿੰਘ (65) ਨਾਲ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸੈਰ ਕਰਨ ਜਾਂਦੇ ਸਨ। ਉਨ੍ਹਾਂ ਅਨੁਸਾਰ ਪਿੰਡ ਦੇ ਹੀ ਗੁਰਇਕਬਾਲ ਸਿੰਘ ਨੇ ਆਪਣੇ ਖੇਤਾਂ ਵਿਚ ਫਾਰਮ ਹਾਊਸ ਬਣਾਇਆ ਹੋਇਆ ਹੈ, ਜਿਥੇ ਘੋੜਿਆਂ ਤੋਂ ਇਲਾਵਾ ਪਿੱਟਬੁਲ ਸਮੇਤ ਹੋਰ ਖ਼ਤਰਨਾਕ ਨਸਲਾਂ ਦੇ ਕੁੱਤੇ ਰੱਖੇ ਹੋਏ ਹਨ। ਅਮਰੀਕ ਸਿੰਘ ਨੇ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਕਿ ਇਨ੍ਹਾਂ ਕੁੱਤਿਆਂ ਨੂੰ ਖੁੱਲ੍ਹਾ ਨਾ ਛੱਡਣ ਸੰਬੰਧੀ ਗੁਰਇਕਬਾਲ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਸੀ, ਕਿਉਂਕਿ ਇਨ੍ਹਾਂ ਤੋਂ ਕਿਸੇ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਬੁੱਧਵਾਰ ਸਵੇਰੇ ਕਰੀਬ 8.15 ਵਜੇ ਜਦੋਂ ਉਹ ਦੋਵੇਂ ਭਰਾ ਮੁੰਧੋਂ ਭਾਗ ਸਿੰਘ ਰੋਡ ਤੋਂ ਸੈਰ ਕਰਕੇ ਵਾਪਸ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦੇ ਗੰਨੇ ਦੇ ਖੇਤ ਨੇੜੇ ਦੋ ਕੁੱਤਿਆਂ ਨੇ ਸੁਰਮੁੱਖ ਸਿੰਘ ’ਤੇ ਹਮਲਾ ਕਰ ਦਿੱਤਾ। ਬਿਆਨਾਂ ਅਨੁਸਾਰ ਕੁੱਤੇ ਸੁਰਮੁੱਖ ਸਿੰਘ ਨੂੰ ਘਸੀਟ ਕੇ ਗੰਨੇ ਦੇ ਖੇਤ ਵਿਚ ਲੈ ਗਏ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ। । ਉਸ ਨੂੰ ਬਚਾਉਣ ਲਈ ਅਮਰੀਕ ਸਿੰਘ ਨੇ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕੇ। ਰੌਲਾ ਪਾਉਣ ’ਤੇ ਰਾਹਗੀਰਾਂ ਅਤੇ ਪਿੰਡ ਦੇ ਪਾਠੀ ਕਿੱਕਰ ਸਿੰਘ ਸਮੇਤ ਹੋਰ ਲੋਕ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਡੰਡਿਆਂ ਦੀ ਮਦਦ ਨਾਲ ਸੁਰਮੁੱਖ ਸਿੰਘ ਨੂੰ ਕੁੱਤਿਆਂ ਤੋਂ ਛੁਡਵਾਇਆ, ਪਰ ਉਦੋਂ ਤੱਕ ਉਹ ਗੰਭੀਰ ਜ਼ਖ਼ਮੀ ਹੋ ਚੁੱਕੇ ਸਨ। ਇਸ ਤੋਂ ਬਾਅਦ ਫਾਰਮ ਹਾਊਸ ਦੇ ਮਾਲਕ ਦੀ ਪਤਨੀ ਜ਼ਖ਼ਮੀ ਸੁਰਮੁੱਖ ਸਿੰਘ ਨੂੰ ਆਪਣੀ ਕਾਰ ਵਿਚ ਹਸਪਤਾਲ ਲੈ ਗਈ। ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੁਰਇਕਬਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।